ਕਾਂਗਰਸੀਆਂ ਨੇ ਸੜਕ ਵਿਚਕਾਰ ਫੂਕੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ

10/01/2017 3:45:35 AM

ਲੁਧਿਆਣਾ(ਸਲੂਜਾ)-ਦੁੱਗਰੀ, ਬਸੰਤ ਐਵੇਨਿਊ ਬਾਈਪਾਸ ਇਲਾਕੇ ਵਿਚ ਦੁਸਹਿਰਾ ਮੇਲਾ ਲਾਉਣ ਵਾਲੇ ਕਾਂਗਰਸੀਆਂ ਨੇ ਸੜਕ ਦੇ ਵਿਚਕਾਰ ਹੀ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਫੂਕ ਦਿੱਤੇ ਜਦੋਂਕਿ ਜ਼ਿਲਾ ਤੇ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਰਿਹਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸੜਕ ਦਾ ਇਕ ਹਿੱਸਾ ਬੰਦ ਕਰੀ ਰੱਖਿਆ ਤੇ ਆਉਣ ਜਾਣ ਦਾ ਟ੍ਰੈਫਿਕ ਇਕ ਹੀ ਸੜਕ 'ਤੇ ਡਾਇਵਰਟ ਕਰ ਦੇਣ ਨਾਲ ਜਾਮ ਲੱਗ ਗਿਆ, ਜਿਸ ਨਾਲ ਰਾਹਗੀਰ ਪਸੀਨੋ ਪਸੀਨੀ ਹੁੰਦੇ ਰਹੇ। ਮੇਲਾ ਆਯੋਜਕਾਂ ਤੋਂ ਜਦੋਂ ਸੜਕ ਦੇ ਵਿਚਕਾਰ ਪੁਤਲੇ ਫੂਕਣ ਬਾਰੇ ਪੁੱਛਿਆ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਕਮਿਸ਼ਨਰ ਤੋਂ ਆਗਿਆ ਲਈ ਹੈ ਪਰ ਲਿਖਤੀ ਰੂਪ ਵਿਚ ਕੁਝ ਵੀ ਨਹੀਂ ਦਿਖਾ ਸਕੇ। ਜਾਣਕਾਰੀ ਮੁਤਾਬਕ ਆਯੋਜਕਾਂ ਨੂੰ ਕਈ ਕਾਂਗਰਸੀ ਆਗੂਆਂ ਦਾ ਥਾਪੜਾ ਮਿਲਿਆ ਹੋਇਆ ਸੀ, ਜਿਨ੍ਹਾਂ ਨੇ ਇਸ ਮੇਲੇ ਦਾ ਗੱਜ ਵੱਜ ਕੇ ਉਦਘਾਟਨ ਕੀਤਾ ਤੇ ਆਪਣੇ ਆਪ ਨੂੰ ਜਨਤਾ ਦੇ ਇਕੱਠ ਵਿਚ ਸਨਮਾਨਿਤ ਵੀ ਕਰਵਾਇਆ ਪਰ ਇਨ੍ਹਾਂ ਕਾਂਗਰਸੀਆਂ ਨੂੰ ਸੜਕ ਵਿਚੋਂ ਵਿਚ ਲਾਏ ਗਏ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਦਿਖਾਈ ਨਹੀਂ ਦਿੱਤੇ ਬਲਕਿ ਸ਼ਾਨ ਨਾਲ ਇਨ੍ਹਾਂ ਨੂੰ ਅੱਗ ਲਾਉਣ ਤੇ ਆਯੋਜਕਾਂ ਨੂੰ ਸ਼ਾਬਾਸ਼ ਦੇ ਕੇ ਚਲਦੇ ਬਣੇ। ਇਸ ਸਭ ਲਈ ਨਾ ਤਾਂ ਪੁਲਸ ਤੇ ਨਾ ਹੀ ਜ਼ਿਲਾ ਪ੍ਰਸ਼ਾਸਨ ਨੇ ਆਯੋਜਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਤੋਂ ਰੋਕਿਆ। ਬਲਕਿ ਪੁਤਲਿਆਂ ਦੀ ਹਿਫਾਜ਼ਤ ਲਈ ਸੜਕ 'ਤੇ ਬੈਰੀਕੇਡ ਲਾ ਦਿੱਤੇ ਤਾਂ ਕਿ ਪੁਤਲਿਆਂ ਨੂੰ ਕਿਸੇ ਵੀ ਪੱਧਰ 'ਤੇ ਕੋਈ ਨੁਕਸਾਨ ਨਾ ਪੁੱਜੇ। ਇੱਥੇ ਇਹ ਵੀ ਦੱਸ ਦੇਈਏ ਕਿ ਜਿਸ ਸੜਕ 'ਤੇ ਪੁਤਲਿਆਂ ਨੂੰ ਸਾੜ ਕੇ ਇਲਾਕਾ ਨਿਵਾਸੀਆਂ ਦੀ ਜਾਨ ਨੂੰ ਜੋਖਮ ਵਿਚ ਪਾਇਆ ਗਿਆ, ਉਨ੍ਹਾਂ ਦੇ ਬਿਲਕੁਲ ਨੇੜੇ ਹੀ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਗੁਜ਼ਰਦੀਆਂ ਹਨ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਹ ਤਾਂ ਆਪ ਇਸ ਗੱਲ ਤੋਂ ਹੈਰਾਨ ਹਨ ਕਿ 24 ਘੰਟੇ ਚੱਲਣ ਵਾਲੀ ਸੜਕ 'ਤੇ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਦੁਸਹਿਰਾ ਤਿਓਹਾਰ ਮਨਾਉਣ ਦੀ ਆਗਿਆ ਦੇ ਦਿੱਤੀ। ਜੇਕਰ ਕਾਨੂੰਨ ਅਤੇ ਨਿਯਮਾਂ ਦੀ ਗੱਲ ਕਰੀਏ ਤਾਂ ਚਲਦੀ ਸੜਕ ਨੂੰ ਬਲਾਕ ਕਰ ਕੇ ਇਸ ਤਰ੍ਹਾਂ ਦੀਆਂ ਸਰਗਰਮੀਆਂ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਸਿੱਧੇ ਤੌਰ 'ਤੇ ਕਾਨੂੰਨ ਦੀ ਉਲੰਘਣਾ ਹੀ ਕਰ ਰਿਹਾ ਹੁੰਦਾ ਹੈ। ਅੱਜ ਜੇਕਰ ਇੱਥੇ ਕੋਈ ਘਟਨਾ ਵਾਪਰ ਜਾਂਦੀ ਤਾਂ ਇਸ ਦੇ ਲਈ ਪ੍ਰਸ਼ਾਸਨ ਕਿਸ ਨੂੰ ਜ਼ਿੰਮੇਵਾਰ ਠਹਿਰਾਉਂਦਾ।