38 ਸਾਲਾਂ ਤੋਂ ਬਣੇ ਸਿਹਤ ਕੇਂਦਰ ਨੂੰ ਬਦਲਣ ਦਾ ਵਿਰੋਧ ਸਿਖਰਾਂ ''ਤੇ

09/24/2017 6:53:28 AM

ਸੰਦੌੜ(ਰਿਖੀ)-ਫਤਿਹਗੜ੍ਹ ਪੰਜਗਰਾਈਆਂ ਵਿਖੇ ਪਿੱਛਲੇ ਕਰੀਬ 38 ਸਾਲਾਂ ਤੋਂ ਪੰਚਾਇਤ ਵੱਲੋਂ ਦਿੱਤੀ ਕਰੀਬ ਤਿੰਨ ਏਕੜ ਵਿਚ ਚੱਲ ਰਹੇ ਮੁੱਢਲੇ ਸਿਹਤ ਕੇਂਦਰ ਨੂੰ ਅਚਾਨਕ ਇੱਥੋਂ ਸ਼ਿਫਟ ਕੀਤੇ ਜਾਣ ਸੰਬੰਧੀ ਚੱਲ ਰਹੀ ਕਾਰਵਾਈ 'ਤੇ ਇਲਾਕੇ ਦਾ ਲੋਕ ਰੋਹ ਭਖ ਗਿਆ ਹੈ ਅਤੇ ਸਾਰੇ ਇਸ ਮੁੱਦੇ 'ਤੇ ਇਕ ਹੋ ਕੇ ਇਸ ਮੁੱਢਲੇ ਕੇਂਦਰ ਨੂੰ ਇੱਥੇ ਹੀ ਰੱਖਣ ਦੀ ਮੰਗ ਕਰ ਰਹੇ ਹਨ ਤੇ ਲੋੜ ਪੈਣ 'ਤੇ ਹੱਕੀ ਸੰਘਰਸ਼ ਦੀ ਹਾਮੀ ਭਰ ਰਹੇ ਹਨ । ਇਸ ਸਬੰਧੀ ਅੱਜ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਇਲਾਕੇ ਭਰ ਦੇ ਦਰਜਨ ਦੇ ਕਰੀਬ ਪਿੰਡਾਂ ਦੇ ਆਗੂਆਂ ਨਾਲ ਮੁੱਢਲਾ ਕੇਂਦਰ ਪੰਜਗਰਾਈਆਂ ਪਹੁੰਚ ਕੇ ਮੀਟਿੰਗ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦਾ ਕੰਮ ਹੁੰਦਾ ਹੈ ਕਿ ਉਹ ਲੋਕ ਸਹੂਲਤਾਂ ਨੂੰ ਵਧਾਵੇ ਨਾ ਕਿ ਚੱਲ ਰਹੀਆਂ ਲੋਕ ਸਹੂਲਤਾਂ ਨੂੰ ਖਤਮ ਕਰੇ । ਉਨ੍ਹਾਂ ਕਿਹਾ ਕਿ ਇਹ ਮੁੱਢਲਾ ਸਿਹਤ ਕੇਂਦਰ ਮੇਰੇ ਹਲਕੇ ਦੇ ਲੋਕਾਂ ਲਈ ਵੱਡੀ ਸਹੂਲਤ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਇੱਥੋਂ ਸ਼ਿਫਟ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਜੇਕਰ ਫਿਰ ਵੀ ਕਿਸੇ ਅਧਿਕਾਰੀ ਨੇ ਅਜਿਹੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਤਾਂ ਹਲਕੇ ਦੇ ਲੋਕ ਚੁੱਪ ਨਹੀਂ ਬੈਠਣਗੇ । ਸਿਵਲ ਸਰਜਨ ਤੋਂ ਲਿਆ ਸਥਿਤੀ ਦਾ ਜਾਇਜ਼ਾ : ਇਸ ਮੌਕੇ ਵਿਧਾਇਕ ਪੰਡੋਰੀ ਨੇ ਸਿਵਲ ਸਰਜਨ ਸੰਗਰੂਰ ਡਾ. ਕਿਰਨ ਬਾਲੀ ਨਾਲ ਗੱਲ ਕਰ ਕੇ ਉਨ੍ਹਾਂ ਤੋਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਸ ਕੇਂਦਰ ਨੂੰ ਸ਼ਿਫਟ ਨਾ ਕਰਨ ਸਬੰਧੀ ਕਿਹਾ । ਉਨ੍ਹਾਂ ਕਿਹਾ ਕਿ ਪੇਂਡੂ ਹਲਕੇ ਦੀ ਇਸ ਸਹੂਲਤ ਨੂੰ ਹੋਰ ਵਧਾਉਣ ਲਈ ਉਹ ਵਿਧਾਨ ਸਭਾ 'ਚ ਵੀ ਆਵਾਜ਼ ਉਠਾਉਣਗੇ । ਇਸ ਮੌਕੇ ਉਨ੍ਹਾਂ ਨੇ ਇਸ ਸ਼ਿਫਟਿੰਗ ਸਬੰਧੀ ਮੈਡੀਕਲ ਅਫਸਰ ਡਾ. ਜਨਪ੍ਰੀਤ ਸਿੰਘ ਤੋਂ ਵੀ ਸਾਰੀ ਜਾਣਕਾਰੀ ਲਈ ।
ਇਸ ਮੌਕੇ ਗ੍ਰਾਮ ਪੰਚਾਇਤ ਮੈਂਬਰ ਸਰਪੰਚ ਗੁਰਵਿੰਦਰ ਸਿੰਘ, ਪੰਚ ਈਸ਼ਰਪਾਲ, ਬਲਜੀਤ ਸਿੰਘ,  ਸੁਖਵਿੰਦਰ ਸਿੰਘ, ਨੰਬਰਦਾਰ ਅਜੀਤਪਾਲ ਸਿੰਘ, ਨੌਜਵਾਨ ਸਪੋਰਟਸ ਕਲੱਬ ਦੇ ਪ੍ਰਧਾਨ ਹਰਪਾਲ ਸਿੰਘ, ਸਾਧੂ ਖਾਂ, ਪੱਪੂ ਢਿੱਲੋਂ, ਹੰਸਾ ਸਿੰਘ ਗੁਰਬਖਸ਼ਪੁਰਾ, ਪਰਮਤ੍ਰਿਪਤ ਸਿੰਘ ਕਾਲਾਬੂਲਾ, ਤੇਜਾ ਸਿੰਘ ਆਜ਼ਾਦ ਸ਼ੇਰਪੁਰ, ਸਾਬਕਾ ਪੰਚ ਕੇਸ਼ਰ ਸਿੰਘ, ਜਥੇਦਾਰ ਬਖਸ਼ੀਸ਼ ਸਿੰਘ, ਕਲੱਬ ਆਗੂ ਪਰਮਜੀਤ ਸਿੰਘ, ਮਨਜੀਤ ਬਦੇਸ਼ਾ, ਮੇਲ ਸਿੰਘ ਮਾਹਮਦਪੁਰ, ਮਿੰਟੂ ਸ਼ਰਮਾ ਕੁਰੜ, ਨਿਸ਼ਾਨ ਸਿੰਘ ਚਹਿਲ, ਕਾਲਾ ਬਾਪਲਾ, ਸਤਵੀਰ ਸਿੰਘ ਕਸਬਾ, ਮਨੀ ਮਿੱਠੇਵਾਲ, ਹਰਜੀਤਪਾਲ ਵਿੱਕੀ ਪੰਜਗਰਾਈਆਂ, ਘੁਮੰਡ ਸਿੰਘ, ਗਗਨ ਸਰਾਂ ਤੇ ਨਗਰ ਦੇ ਸਮੂਹ ਪਤਵੰਤੇ ਵੀ ਹਾਜ਼ਰ ਸਨ ।