ਰੋਹਿੰਗਿਆ ਮੁਸਲਾਮਨਾਂ ਨੂੰ ਸ਼ਰਨਾਰਥੀ ਦਾ ਦਰਜਾ ਦੇਣ ਦੀ ਮੰਗ

09/23/2017 3:33:47 AM

ਜਗਰਾਓਂ(ਜਸਬੀਰ ਸ਼ੇਤਰਾ)–ਇਲਾਕੇ ਦੇ ਮੁਸਲਿਮ ਭਾਈਚਾਰੇ ਵੱਲੋਂ ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ 'ਚ ਅੱਜ ਇਥੇ ਰੋਹਿੰਗਿਆ ਮੁਸਲਮਾਨਾਂ ਨੂੰ ਦੇਸ਼ 'ਚ ਸ਼ਰਨਾਰਥੀ ਦਾ ਦਰਜਾ ਦੇਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਦੀ ਮੰਗ ਨੂੰ ਲੈ ਕੇ ਰੈਲੀ ਕੀਤੀ ਗਈ। ਕਮੇਟੀ ਪਾਰਕ 'ਚ ਰੈਲੀ ਉਪਰੰਤ ਸ਼ਹਿਰ ਅੰਦਰ ਮਾਰਚ ਕੀਤਾ ਗਿਆ, ਜੋ ਉਪ ਮੰਡਲ ਮੈਜਿਸਟਰੇਟ ਦਫ਼ਤਰ ਦੇ ਬਾਹਰ ਜਾ ਕੇ ਸਮਾਪਤ ਹੋਇਆ। ਇਸ ਸਮੇਂ ਪ੍ਰਸ਼ਾਸਨਿਕ ਅਧਿਕਾਰੀ ਰਾਹੀਂ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਇਸ ਸਮੇਂ ਆਗੂਆਂ ਨੇ ਮੋਦੀ ਸਰਕਾਰ ਨੂੰ ਸੁਣਾਇਆ ਕਿ ਰੋਹਿੰਗਿਆ ਮੁਸਲਮਾਨ ਅਤਿਵਾਦੀ ਨਹੀਂ, ਨਾ ਹੀ ਘੁਸਪੈਠੀਏ ਹਨ ਸਗੋਂ ਇਹ ਤਾਂ ਖ਼ੁਦ ਉਜਾੜੇ ਤੇ ਫਿਰਕੂ ਅਤਿਆਚਾਰ ਦੇ ਸਤਾਏ ਹੋਏ ਆਮ ਕਿਰਤੀ ਲੋਕ ਹਨ। ਬੁਲਾਰਿਆਂ ਨੇ ਕਿਹਾ ਕਿ 15ਵੀਂ ਈਸਵੀ ਤੋਂ ਮੀਆਂਮਾਰ ਦੇ ਰਖਾਇਨ ਸੂਬੇ 'ਚ ਵਸਦੇ ਚਾਲੀ ਲੱਖ ਰੋਹਿੰਗਿਆਂ ਮੁਸਲਾਮਾਨਾਂ ਤੋਂ ਉਥੋਂ ਦੀ ਸੈਨਿਕ ਹਕੂਮਤ ਨੇ 1989 'ਚ ਨਾਗਰਿਕਤਾ ਦਾ ਹੱਕ ਖੋਹ ਲਿਆ। ਨਾਗਰਿਕਤਾ ਦਾ ਹੱਕ ਹਾਸਲ ਕਰਨ ਲਈ ਸੰਘਰਸ਼ਸ਼ੀਲ ਰੋਹਿੰਗਿਆ ਮੁਸਲਮਾਨਾਂ 'ਚੋਂ ਪਿਛਲੇ ਮਹੀਨੇ 400 ਦੇ ਕਰੀਬ ਮੁਸਲਮਾਨਾਂ ਨੂੰ ਬਰਮਾ ਦੀ ਫ਼ੌਜ ਨੇ ਜਿਉਂਦਿਆਂ ਹੀ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ। ਰੋਹਿੰਗਿਆ ਮੁਸਲਮਾਨਾਂ ਦੇ ਘਰ ਸਾੜੇ ਗਏ, ਸਾਮਾਨ ਲੁੱਟ ਲਿਆ ਤੇ ਬਲਾਤਕਾਰ ਆਮ ਵਰਤਾਰਾ ਹੋ ਗਿਆ। ਅੱਜ ਇਹ ਲੋਕ ਭਾਰਤ ਬੰਗਲਾਦੇਸ਼ ਸਰਹੱਦ 'ਤੇ ਖੁੱਲ੍ਹੇ ਅਸਮਾਨ ਹੇਠ ਭੁੱਖਮਰੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ। ਜਥੇਬੰਦੀ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਮੁਹੰਮਦ ਅਸ਼ਰਫ਼, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਇੰਦਰਜੀਤ ਸਿੰਘ ਧਾਲੀਵਾਲ ਤੇ ਹੋਰਨਾਂ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਲੋਂ ਰੋਹਿੰਗਿਆ ਮੁਸਲਮਾਨਾਂ ਨੂੰ ਅਤਿਵਾਦੀ ਤੇ ਘੁਸਪੈਠੀਏ ਐਲਾਨਣ ਦੀ ਲਾਈ ਰੱਟ ਦਾ ਤਿੱਖਾ ਨੋਟਿਸ ਲਿਆ। ਰੋਸ ਮੁਜ਼ਾਹਰੇ 'ਚ ਸ਼ਾਮਲ ਲੋਕਾਂ ਨੇ ਹੱਥਾਂ 'ਚ ਰੋਹਿੰਗਿਆਂ ਮੁਸਲਮਾਨਾਂ 'ਤੇ ਢਾਹੇ ਗਏ ਤਸ਼ੱਦਦ ਅਤੇ ਉਨ੍ਹਾਂ ਦੀ ਤਰਸਯੋਗ ਹਾਲਤ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ। ਕਮੇਟੀ ਪਾਰਕ ਤੋਂ ਚੱਲਿਆ ਮਾਰਚ ਰੇਲਵੇ ਪੁਲ, ਤਹਿਸੀਲ ਰੋਡ, ਮੁੱਖ ਚੌਕ, ਬੱਸ ਅੱਡੇ ਤੇ ਕਚਹਿਰੀ ਕੰਪਲੈਕਸ ਤੋਂ ਹੁੰਦਾ ਹੋਇਆ ਐੱਸ. ਡੀ. ਐੱਮ. ਦਫ਼ਤਰ ਤਕ ਪਹੁੰਚਿਆ।