ਮਨੀਸਟਰੀਅਲ ਕਰਮਚਾਰੀਆਂ ਨੇ ਸਮੂਹਿਕ ਹੜਤਾਲ ਕਰਕੇ ਪੁਲਸ ਵਿਭਾਗ ਖਿਲਾਫ਼ ਕੀਤੀ ਨਾਅਰੇਬਾਜ਼ੀ

09/23/2017 2:07:15 AM

ਬਠਿੰਡਾ(ਸੁਖਵਿੰਦਰ)- ਮਨੀਸਟਰੀਅਲ ਅਤੇ ਫੀਲਡ ਕਰਮਚਾਰੀਆਂ ਵੱਲੋਂ ਫੀਲਡ ਸਟਾਫ਼ ਯੂਨੀਅਨ ਦੇ ਪ੍ਰਧਾਨ ਖੁਸ਼ਵਿੰਦਰ ਸਿੰਘ ਦੀ ਅਗਵਾਈ ਹੇਠ ਸਮੂਹਿਕ ਹੜਤਾਲ ਕਰਕੇ ਪੁਲਸ ਅਤੇ ਵਿਜੀਲੈਂਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਖੁਸ਼ਵਿੰਦਰ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਵਿਜੀਲੈਂਸ ਵਿਭਾਗ ਦੀ ਕਾਰਵਾਈ ਤੋਂ ਤੰਗ ਆ ਕੇ ਖੁਰਾਕ ਸਪਲਾਈ ਵਿਭਾਗ ਦੇ ਅਫ਼ਸਰ ਕਮਲਦੀਪ ਸਿੰਘ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ। ਇਸ ਤੋਂ ਬਾਅਦ ਉਹ ਲਗਾਤਾਰ ਵਿਜੀਲੈਂਸ ਦੇ ਇਕ ਇੰਸਪੈਕਟਰ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਆ ਰਹੇ ਹਾਂ ਪ੍ਰੰਤੂ ਪੁਲਸ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਿਜੀਲੈਂਸ ਵਿਭਾਗ ਦਾ ਕੰਮ ਸਿਰਫ਼ ਰਿਸ਼ਵਤ ਲੈਣ ਵਾਲੇ ਵਿਅਕਤੀਆਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਦਾ ਹੈ, ਨਾ ਕਿ ਧੱਕੇਸ਼ਾਹੀ ਕਰਕੇ ਤੰਗ-ਪ੍ਰੇਸ਼ਾਨ ਕਰਨ ਦਾ। ਉਨ੍ਹਾਂ ਵਿਜੀਲੈਂਸ ਦੇ ਕੁਝ ਅਧਿਕਾਰੀਆਂ 'ਤੇ ਪੁਲਸੀਆ ਤਰਜ 'ਤੇ ਕਾਰਵਾਈ ਕਰਕੇ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਦੇ ਵੀ ਦੋਸ਼ ਲਗਾਏ। ਸਾਲ 2009 ਵਿਚ ਇਸ ਸਬੰਧੀ ਡਾਇਰੈਕਟਰ ਐੱਸ. ਪੀ. ਸਿੰਘ ਅਤੇ ਵਿਜੀਲੈਂਸ ਦੇ ਚੀਫ਼ ਜਸਟਿਸ ਨਾਲ ਸਮਝੌਤਾ ਵੀ ਹੋ ਚੁੱਕਾ ਹੈ, ਜਿਸ ਵਿਚ ਖੁਰਾਕ ਸਪਲਾਈ ਵਿਭਾਗ ਦੇ ਕਰਮਚਾਰੀਆਂ ਦੀ ਜਾਂਚ ਉਨ੍ਹਾਂ ਦੇ ਵਿਭਾਗ ਵਿਚ ਹੀ ਕਰਵਾਈ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਮੰਗ ਕੀਤੀ ਕਿ ਖੁਰਾਕ ਸਪਲਾਈ ਵਿਭਾਗ ਦੇ ਅਫ਼ਸਰਾਂ/ਕਰਮਚਾਰੀਆਂ ਖਿਲਾਫ਼ ਚੱਲ ਰਹੇ ਮਾਮਲਿਆਂ ਦੀ ਜਾਂਚ ਉਨ੍ਹਾਂ ਦੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਹੀ ਕਰਵਾਈ ਜਾਵੇ। ਉਨ੍ਹਾਂ ਖੁਦਕੁਸ਼ੀ ਕਰਨ ਦੇ ਦੋਸ਼ੀ ਮੁਲਾਜ਼ਮ ਖਿਲਾਫ਼ ਕਾਰਵਾਈ ਕਰਕੇ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ।