6 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਨਾ ਮਿਲਿਆ ਤਾਂ ਕਿਸਾਨ ਸਾੜਨਗੇ ਪਰਾਲੀ

09/22/2017 6:22:59 AM

ਸੁਲਤਾਨਪੁਰ ਲੋਧੀ(ਸੋਢੀ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾਈ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਭਾਰੀ ਗਿਣਤੀ 'ਚ ਕਪੂਰਥਲਾ ਤੇ ਜਲੰਧਰ ਜ਼ਿਲਿਆਂ ਦੇ ਕਿਸਾਨ ਜ਼ੋਨ ਪ੍ਰਧਾਨ ਗੁਰਪ੍ਰੀਤ ਸਿੰਘ ਪੱਸਣ ਕਦੀਮ ਦੀ ਪ੍ਰਧਾਨਗੀ ਹੇਠ ਆਤਮਾ ਸਿੰਘ ਪਾਰਕ ਸੁਲਤਾਨਪੁਰ ਲੋਧੀ ਵਿਖੇ ਇਕੱਠੇ ਹੋਏ ਤੇ ਰੋਸ ਧਰਨੇ ਦੌਰਾਨ ਕਿਸਾਨਾਂ ਦੀਆਂ ਕੀਤੀਆਂ ਗਈਆਂ ਗ੍ਰਿਫਤਾਰੀਆਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ। ਉਪਰੰਤ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾਈ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਦੱਸਿਆ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਮਤਾ ਪਾਸ ਕਰਕੇ ਮੰਗ ਕੀਤੀ ਗਈ ਹੈ ਕਿ ਝੋਨੇ ਦੀ ਪਰਾਲੀ ਦੀ ਸੰਭਾਲ ਲਈ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਹੀ ਐਲਾਨ ਕੀਤਾ ਕਿ ਜੇਕਰ ਕਿਸਾਨਾਂ ਨੂੰ ਖੇਤਾਂ 'ਚ ਪਰਾਲੀ ਵਾਹੁਣ ਤੇ ਬਾਰੀਕ ਕਰਨ ਲਈ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਪੰਜਾਬ ਦੇ ਸਾਰੇ ਕਿਸਾਨ ਮਜਬੂਰਨ ਪਰਾਲੀ ਨੂੰ ਖੇਤਾਂ 'ਚ ਸਾੜਨ ਲਈ ਅੱਗ ਲਗਾਉਣਗੇ।  ਪੰਨੂੰ ਨੇ ਕਿਹਾ ਕਿ ਕੋਈ ਵੀ ਕਿਸਾਨ ਝੋਨੇ ਦੀ ਪਰਾਲੀ ਕੁਤਰਨ ਲਈ, ਮਸ਼ੀਨ ਖਰੀਦਣ ਲਈ ਤਿਆਰ ਨਹੀਂ, ਕਿਉਂਕਿ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਫਸੇ ਹੋਏ ਕਿਸਾਨ ਕਿੱਥੋਂ ਮਹਿੰਗੇ ਮੁੱਲ ਦੀਆਂ ਮਸ਼ੀਨਾਂ ਲੈਣਗੇ। ਉਨ੍ਹਾਂ 28 ਤੇ 29 ਸਤੰਬਰ ਨੂੰ ਡੀ. ਸੀ. ਦਫ਼ਤਰ ਅੰਮ੍ਰਿਤਸਰ, (ਮਾਝਾ) ਤੇ ਫਿਰੋਜ਼ਪੁਰ (ਮਾਲਵਾ) ਅੱਗੇ ਲੱਗਣ ਵਾਲੇ ਰੋਸ ਧਰਨਿਆਂ 'ਚ ਵੀ ਭਾਰੀ ਗਿਣਤੀ 'ਚ ਪੁੱਜਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦੇ ਐਲਾਨ ਤੋਂ ਪਹਿਲਾਂ ਹੀ ਮੁਕਰ ਚੁੱਕੀ ਹੈ।
ਇਸ ਸਮੇਂ ਰੋਸ ਮੁਜ਼ਾਹਰੇ ਨੂੰ ਜਸਵੰਤ ਸਿੰਘ ਅੰਮ੍ਰਿਤਪੁਰ ਛੰਨਾ, ਮਿਲਖਾ ਸਿੰਘ, ਬੱਗਾ ਸਿੰਘ, ਪਿਆਰਾ ਸਿੰਘ ਸ਼ਿਕਾਰਪੁਰ, ਹੀਰਾ ਸਿੰਘ ਸ਼ੇਖਮਾਂਗਾ, ਹਾਕਮ ਸਿੰਘ, ਤਰਸੇਮ ਸਿੰਘ ਵਿੱਕੀ, ਹਰਪ੍ਰੀਤ ਸਿੰਘ ਮਹੀਜੀਤਪੁਰ, ਜੋਗਿੰਦਰ ਸਿੰਘ ਪੰਡਾਲਾ ਛੰਨਾ, ਮੱਖਣ ਸਿੰਘ ਮੁੰਡੀ, ਬਲਜਿੰਦਰ ਸਿੰਘ ਕਾਲੇਵਾਲ ਆਦਿ ਨੇ ਸੰਬੋਧਨ ਕੀਤਾ।