ਸਿੱਖ ਸੰਗਠਨਾਂ ਮਵੀ ਪੁਲਸ ਚੌਕੀ ਅੱਗੇ ਲਾਇਆ ਧਰਨਾ

Tuesday, Jul 25, 2017 - 01:48 AM (IST)

ਸਮਾਣਾ(ਦਰਦ)-ਸਿੱਖ ਸੰਗਠਨ ਦੇ ਦਰਜਨਾਂ ਹਥਿਆਰਬੰਦ ਲੋਕਾਂ ਵੱਲੋਂ ਐਤਵਾਰ ਨੂੰ ਸਵੇਰੇ ਪਿੰਡ ਮਰੋੜੀ ਵਿਖੇ ਆਯੋਜਿਤ ਕੀਤੀ ਜਾ ਰਹੀ ਡੇਰਾ ਸਿਰਸਾ ਪ੍ਰੇਮੀਆਂ ਦੀ ਨਾਮ-ਚਰਚਾ ਨੂੰ ਡਰਾ-ਧਮਕਾ ਕੇ ਜ਼ਬਰਦਸਤੀ ਬੰਦ ਕਰਵਾਉਣ ਸਬੰਧੀ ਮਵੀ ਕਲਾਂ ਪੁਲਸ ਚੌਕੀ ਵਿਚ ਕਰੀਬ 21 ਵਿਅਕਤੀਆਂ ਖਿਲਾਫ ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਵਿਰੋਧ ਵਿਚ ਸਿੱਖ ਸੰਗਠਨਾਂ ਦੇ ਵਿਅਕਤੀਆਂ ਵੱਲੋਂ ਅੱਜ ਸਵੇਰੇ ਗੁਰਦੁਆਰਾ ਗੜ੍ਹੀ ਸਾਹਿਬ ਨੇੜੇ ਸਮਾਣਾ ਵਿਚ ਇੱਕ ਮੀਟਿੰਗ ਰੱਖੀ ਗਈ। ਇਸ ਵਿਚ ਵੱਡੀ ਗਿਣਤੀ 'ਚ ਅਕਾਲੀ ਦਲ ਅੰਮ੍ਰਿਤਸਰ ਦੇ ਨੇਤਾ ਅਤੇ ਵਰਕਰ ਵੀ ਪਹੁੰਚੇ। ਉਪਰੰਤ ਇਕੱਠੇ ਹੋਏ ਲੋਕਾਂ ਨੇ ਮਵੀ ਕਲਾਂ ਪੁਲਸ ਚੌਕੀ ਅੱਗੇ ਧਰਨਾ ਲਾ ਦਿੱਤਾ। ਉਨ੍ਹਾਂ ਸਿੱਖ ਵਰਕਰਾਂ 'ਤੇ ਦਰਜ ਮਾਮਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਧਰਨੇ ਵਿਚ ਸ਼ਾਮਲ ਅਕਾਲੀ ਦਲ ਅੰਮ੍ਰਿਤਸਰ ਦੇ ਸੂਬਾ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਜ਼ਿਲਾ ਨੇਤਾ ਸਰੂਪ ਸਿੰਘ ਸੰਘਾ, ਰਾਜਿੰਦਰ ਸਿੰਘ, ਜਰਨੈਲ ਸਿੰਘ ਮਾਨ, ਹਰਭਜਨ ਸਿੰਘ ਕਸ਼ਮੀਰੀ, ਹਰਦੀਪ ਸਿੰਘ ਅਸਮਾਨਪੁਰ, ਸਤਿਕਾਰ ਕਮੇਟੀ ਦੇ ਕਰਮਜੀਤ ਸਿੰਘ ਤੇ ਬਗੀਚਾ ਸਿੰਘ ਵੜੈਚ ਨੇ ਪਿੰਡ ਮਰੋੜੀ ਦੇ ਸਰਕਾਰੀ ਸਕੂਲ ਵਿਚ ਕੀਤੀ ਗਈ ਨਾਮ-ਚਰਚਾ 'ਤੇ ਇਤਰਾਜ਼ ਪ੍ਰਗਟਾਇਆ। ਸਕੂਲ ਕਮੇਟੀ ਅਤੇ ਪਿੰਡ ਦੇ ਸਰਪੰਚ ਖਿਲਾਫ ਕਾਰਵਾਈ ਕਰਨ ਤੇ ਹਿਰਾਸਤ ਵਿਚ ਲਏ ਉਨ੍ਹਾਂ ਦੇ ਵਰਕਰਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਔਰਤਾਂ ਵੀ ਸਨ।
ਗੁਰਦੁਆਰਾ ਗੜ੍ਹੀ ਸਾਹਿਬ ਵਿਚ ਸਿੱਖ ਸੰਗਠਨਾਂ ਦੀ ਮੀਟਿੰਗ ਦੀ ਖਬਰ ਮਿਲਣ 'ਤੇ ਪਾਤੜਾਂ ਪੁਲਸ ਵੱਲੋਂ ਵੱਖ-ਵੱਖ ਥਾਣਿਆਂ ਤੋਂ ਪੁਲਸ ਦਾ ਇੰਤਜ਼ਾਮ ਕੀਤਾ ਹੋਇਆ ਸੀ। ਇਸ ਮੌਕੇ ਪਾਤੜਾਂ ਪੁਲਸ ਦੇ ਡੀ. ਐੱਸ. ਪੀ. ਦਵਿੰਦਰ ਅਤਰੀ, ਥਾਣਾ ਮੁਖੀ ਅਮਨਪਾਲ ਸਿੰਘ, ਘੱਗਾ ਥਾਣਾ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ ਅਤੇ ਚੌਕੀ ਇੰਚਾਰਜ ਮੇਵਾ ਸਿੰਘ ਸਣੇ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਪਹੁੰਚੇ ਹੋਏ ਸਨ। ਪ੍ਰਦਰਸ਼ਨਕਾਰੀ ਸਿੱਖ ਸੰਗਠਨਾਂ ਦੇ ਵਰਕਰਾਂ ਨੇ ਇਸ ਦੌਰਾਨ ਖਾਲਿਸਤਾਨ ਸਮਰਥਨ ਵਿਚ ਡਟ ਕੇ ਨਾਅਰੇਬਾਜ਼ੀ ਕਰਨ ਉਪਰੰਤ ਪੁਲਸ ਅਧਿਕਾਰੀਆਂ ਨਾਲ ਇਕ ਮੀਟਿੰਗ ਕਰ ਕੇ ਆਪਣੀਆਂ ਮੰਗਾਂ ਰੱਖੀਆਂ।  ਇਸ ਤੋਂ ਬਾਅਦ ਡੀ. ਐੱਸ. ਪੀ. ਦਵਿੰਦਰ ਅਤਰੀ ਨੇ ਹਿਰਾਸਤ ਵਿਚ ਲਏ ਸਿੱਖ ਸੰਗਠਨਾਂ ਦੇ ਵਰਕਰਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ।ਇਸ ਤੋਂ ਬਾਅਦ ਜਾ ਕੇ ਕਿਤੇ ਮਾਮਲਾ ਸ਼ਾਂਤ ਹੋਇਆ। ਸਕੂਲ ਕਮੇਟੀ ਅਤੇ ਸਰਪੰਚ ਵੱਲੋਂ ਡੇਰਾ ਪ੍ਰੇਮੀਆਂ ਦੀ ਨਾਮ-ਚਰਚਾ ਸਕੂਲ ਵਿਚ ਕਰਵਾਉਣ ਦੀ ਜਾਂਚ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤੇ ਧਰਨਾ ਚੁਕਵਾ ਦਿੱਤਾ।
ਰੋਸ ਮਾਰਚ ਕੱਢਣ ਦੀਆਂ ਅਫਵਾਹਾਂ ਕਾਰਨ ਪੁਲਸ ਪ੍ਰਸ਼ਾਸਨ ਰਿਹਾ ਚੌਕਸ
ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਠਨ ਦੇ ਵਰਕਰਾਂ ਵਿਚਾਲੇ ਟਕਰਾਅ ਅਤੇ ਸਿੱਖ ਸੰਗਠਨਾਂ ਦੀ ਗੁਰਦੁਆਰਾ ਸਾਹਿਬ ਵਿਚ ਮੀਟਿੰਗ ਉਪਰੰਤ ਸਮਾਣਾ ਵਿਚ ਰੋਸ ਮਾਰਚ ਕੱਢਣ ਦੀਆਂ ਅਫਵਾਹਾਂ ਕਰਨ ਸਮਾਣਾ ਪੁਲਸ ਪ੍ਰਸ਼ਾਸਨ ਵੀ ਚੌਕਸ ਹੋ ਗਿਆ। ਡੇਰਾ ਪ੍ਰੇਮੀਆਂ ਦੇ ਭੰਗੀਦਾਸ ਅਤੇ ਸਥਾਨਕ ਨੇਤਾਵਾਂ ਦੇ ਕਾਰਜ ਸਥਾਨਾਂ 'ਤੇ ਪੁਲਸ ਦਾ ਪਹਿਰਾ ਲਾਉਂਦਿਆਂ ਚੌਕਸੀ ਵਧਾ ਦਿੱਤੀ, ਜੋ ਸ਼ਾਮ ਤੱਕ ਜਾਰੀ ਰਹੀ।  ਅਧਿਕਾਰੀਆਂ ਅਨੁਸਾਰ ਉਹ ਇਸ ਮਾਮਲੇ ਵਿਚ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ। ਮਵੀ ਕਲਾਂ ਪੁਲਸ ਚੌਕੀ ਵਿਚ ਪਾਤੜਾਂ ਪੁਲਸ ਦੇ ਅਧਿਕਾਰੀਆਂ ਦੀ ਗੱਲਬਾਤ ਉਪਰੰਤ ਧਰਨਾ ਚੁੱਕੇ ਜਾਣ 'ਤੇ ਸਭ ਕੁਝ ਨਾਰਮਲ ਹੋ ਗਿਆ। 


Related News