ਅਮਰਨਾਥ ਯਾਤਰੀਆਂ ''ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਹਿੰਦੂ ਸੰਗਠਨਾਂ ਨੇ ਕੱਢਿਆ ਰੋਸ ਮਾਰਚ

07/15/2017 12:04:25 AM

ਫਿਰੋਜ਼ਪੁਰ(ਕੁਮਾਰ)-ਅਮਰਨਾਥ ਯਾਤਰੀਆਂ 'ਤੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿਚ ਹਿੰਦੂ ਸੰਗਠਨਾਂ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ 'ਤੇ ਅੱਜ ਫਿਰੋਜ਼ਪੁਰ ਸ਼ਹਿਰ ਸਵੇਰੇ 10 ਤੋਂ 12 ਵਜੇ ਤਕ ਮੁਕੰਮਲ ਬੰਦ ਰਿਹਾ ਤੇ ਫਿਰੋਜ਼ਪੁਰ ਛਾਉਣੀ ਵਿਚ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦੇ ਹੋਏ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਦੀ ਮੰਗ ਕੀਤੀ। ਹਿੰਦੂ ਸੰਗਠਨਾਂ ਵੱਲੋਂ ਅਪੀਲ ਕਰਨ 'ਤੇ ਪਹਿਲਾਂ ਜੋ ਦੁਕਾਨਾਂ ਖੁੱਲ੍ਹੀਆਂ ਸਨ, ਦੁਕਾਨਦਾਰਾਂ ਨੇ ਉਹ ਦੁਕਾਨਾਂ ਵੀ ਬੰਦ ਕਰ ਦਿੱਤੀਆਂ। ਸ਼ਹਿਰ 'ਚ ਸ਼ਿਵ ਸੇਨਾ ਤੇ ਸਮੂਹ ਹਿੰਦੂ ਸੰਗਠਨਾਂ ਨੇ ਰੋਸ ਮਾਰਚ ਕੱਢਿਆ ਤੇ ਅੱਤਵਾਦੀ ਸੰਗਠਨਾਂ ਤੇ ਪਾਕਿਸਤਾਨ ਦਾ ਡੱਟ ਕੇ ਵਿਰੋਧ ਕੀਤਾ। ਇਸ ਰੋਸ ਮਾਰਚ ਵਿਚ ਫਿਰੋਜ਼ਪੁਰ ਸ਼ਹਿਰ ਵਪਾਰ ਸੰਗਠਨਾਂ ਦੇ ਅਹੁਦੇਦਾਰਾਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਆਈ. ਐੱਸ. ਆਈ. ਤੇ ਉਸਦੇ ਸਹਿਯੋਗੀ ਅੱਤਵਾਦੀ ਸੰਗਠਨ ਅਮਰਨਾਥ ਯਾਤਰਾ ਨੂੰ ਰੋਕਣ ਤੇ ਉਨ੍ਹਾਂ ਵਿਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਦੀਆਂ ਅਜਿਹੀਆਂ ਧਮਕੀਆਂ ਦਾ ਸ਼ਿਵ ਭਗਤਾਂ 'ਤੇ ਕੋਈ ਅਸਰ ਨਹੀਂ ਹੋਵੇਗਾ, ਅਸੀਂ ਉਨ੍ਹਾਂ ਦਾ ਡੱਟ ਕੇ ਵਿਰੋਧ ਕਰਦੇ ਹਾਂ ਅਤੇ  ਅਮਰਨਾਥ ਯਾਤਰਾ ਨੂੰ ਜਾਰੀ ਰੱਖਾਂਗੇ। ਓਧਰ , ਵਪਾਰ ਮੰਡਲ ਫਿਰੋਜ਼ਪੁਰ ਸ਼ਹਿਰ ਦੇ ਅਹੁਦੇਦਾਰਾਂ ਨੇ ਅੱਤਵਾਦੀ ਸੰਗਠਨਾਂ ਦੀ ਇਸ ਕਾਰਵਾਈ ਨੂੰ ਬੁਝਦਿਲਾਂ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਕਿਹਾ ਕਿ ਸ਼੍ਰੀ ਅਮਰਨਾਥ ਦੀ ਯਾਤਰਾ 'ਤੇ ਗਏ ਸ਼ਰਧਾਲੂਆਂ 'ਤੇ ਅੱਤਵਾਦੀ ਹਮਲਾ ਕਰਨਾ ਤੇ ਉਨ੍ਹਾਂ ਦੀਆਂ ਜਾਨਾਂ ਲੈਣਾ ਘਿਨੌਣਾ ਕਾਰਾ ਹੈ।