16ਵੇਂ ਦਿਨ ਵੀ ਧਰਨੇ ''ਤੇ ਬੈਠੀਆਂ ਮਾਂ-ਧੀ

06/23/2017 11:37:37 PM

ਅਬੋਹਰ(ਸੁਨੀਲ)—ਹਨੂੰਮਾਨਗੜ੍ਹ ਰੋਡ 'ਤੇ ਬਾਬਾ ਦੀਪ ਸਿੰਘ ਗੁਰਦੁਆਰੇ ਕੋਲ ਆਪਣੇ ਹੱਕ ਲਈ ਲੜ ਰਹੀ ਮਾਂ ਆਪਣੀ ਨਵਜੰਮੀ ਧੀ ਸਮੇਤ 16ਵੇਂ ਦਿਨ ਵੀ ਧਰਨੇ 'ਤੇ ਬੈਠੀ ਰਹੀ।
ਕੀ ਸੀ ਮਾਮਲਾ
ਪਰਮਪਾਲ ਕੌਰ ਪਤਨੀ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 10 ਜੁਲਾਈ 2016 ਨੂੰ ਹੋਇਆ ਸੀ। ਉਨ੍ਹਾਂ ਪ੍ਰੇਮ ਵਿਆਹ ਕੀਤਾ ਸੀ। ਉਸ ਦਾ ਪਤੀ ਵਿਆਹ ਉਪਰੰਤ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਲੱਗਾ। ਇਸ ਦੌਰਾਨ ਉਸ ਨੇ ਇਕ ਲੜਕੀ ਨੂੰ ਜਨਮ ਦਿੱਤਾ। ਲੜਕੀ ਪੈਦਾ ਹੁੰਦੇ ਹੀ ਉਸ ਦਾ ਪਤੀ ਹਰਮਨਪ੍ਰੀਤ ਸਿੰਘ, ਸਹੁਰਾ ਡਾ. ਤਿਰਲੋਚਨ ਸਿੰਘ ਅਤੇ ਨਣਦੋਈਆ ਉਸ ਦੀ ਧੀ ਦਾ ਹਾਲ ਜਾਣਨ ਲਈ ਹਸਪਤਾਲ ਵੀ ਨਹੀਂ ਆਏ, ਸਗੋਂ ਇਹ ਦੋਸ਼ ਲਾਇਆ ਕਿ ਉਸ ਨੇ ਮੁੰਡੇ ਨੂੰ ਜਨਮ ਕਿਉਂ ਨਹੀਂ ਦਿੱਤਾ। ਜਦੋਂ ਉਹ ਆਪਣੀ ਧੀ ਨੂੰ ਲੈ ਕੇ ਆਪਣੇ ਸਹੁਰੇ ਪਹੁੰਚੀ ਤਾਂ ਉਸ ਦੇ ਪਤੀ, ਸਹੁਰੇ ਤੇ ਨਣਾਨਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਘਰ ਨੂੰ ਤਾਲਾ ਲਾ ਕੇ ਫ਼ਰਾਰ ਹੋ ਗਏ। ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਆਪਣੀ ਦੋ ਮਹੀਨੇ ਦੀ ਧੀ ਸਮੇਤ ਆਪਣੇ ਹੱਕ ਲਈ ਸੰਘਰਸ਼ ਕਰ ਰਹੀ ਹੈ ਤੇ ਤਿੱਖੀ ਧੁੱਪ, ਹਨੇਰੀ ਅਤੇ ਬਰਸਾਤ ਦੇ ਬਾਵਜੂਦ ਵਿਹੜੇ ਵਿਚ ਬੈਠ ਕੇ ਹੀ ਗੁਜ਼ਾਰਾ ਕਰ ਰਹੀ ਹੈ। ਨਗਰ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਉਸ ਦੇ ਪਤੀ ਖਿਲਾਫ਼ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਹੈ ਪਰ ਉਸ ਦੀ ਇਸ ਹਾਲਤ ਲਈ ਉਸ ਦਾ ਸਹੁਰਾ, ਨਣਾਨਾਂ ਅਤੇ ਨਣਦੋਈਆ ਜ਼ਿੰਮੇਵਾਰ ਹਨ। ਔਰਤ ਦੀ ਦੁੱਧਮੂੰਹੀ ਧੀ ਬੀਤੇ ਦਿਨੀਂ ਆਈ ਹਨੇਰੀ ਅਤੇ ਬਰਸਾਤ ਕਾਰਨ ਬੀਮਾਰ ਹੋ ਗਈ ਸੀ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਔਰਤ ਦਾ ਦੋਸ਼ ਹੈ ਕਿ ਉਸ ਦੀ ਧੀ ਨੂੰ ਦੇਖਣ ਲਈ ਨਾ ਤਾਂ ਉਸ ਦਾ ਪਤੀ, ਸਹੁਰਾ, ਨਣਦੋਈਆ ਅਮਰੀਕ ਸਿੰਘ, ਨਣਾਨ ਡਿੰਪਲ ਜਿਹੜੀ ਨਾਨਕ ਨਗਰੀ ਵਾਸੀ ਹੈ, ਨਹੀਂ ਆਏ। ਉਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੇਰੀ ਧੀ ਜਾਂ ਮੇਰੀ ਇਸੇ ਹਾਲਤ ਵਿਚ ਮੌਤ ਹੋ ਜਾਂਦੀ ਹੈ ਤਾਂ ਇਸ ਲਈ ਇਹ ਸਾਰੇ ਜ਼ਿੰਮੇਵਾਰ ਹੋਣਗੇ।
ਧਾਰਮਿਕ ਤੇ ਸਮਾਜਿਕ ਸੰਸਥਾਵਾਂ ਧਾਰਨ ਕੀਤਾ ਮੌਨ
ਅਬੋਹਰ ਦੀ ਕੋਈ ਵੀ ਧਾਰਮਿਕ, ਸਮਾਜਿਕ ਅਤੇ ਮਹਿਲਾ ਮੋਰਚਾ ਸੰਸਥਾ ਅਜੇ ਤੱਕ ਔਰਤ ਦਾ ਹਾਲ-ਚਾਲ ਜਾਣਨ ਨਹੀਂ ਪਹੁੰਚੀ, ਸਗੋਂ ਇਨ੍ਹਾਂ ਸੰਸਥਾਵਾਂ ਨੇ ਮੌਨ ਧਾਰਨ ਕੀਤਾ ਹੋਇਆ ਹੈ। ਪਰਮਪਾਲ ਕੌਰ ਨੇ ਦੱਸਿਆ ਕਿ ਉਸ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਸ ਨੂੰ ਉਸ ਦਾ ਹੱਕ ਨਹੀਂ ਮਿਲ ਜਾਂਦਾ। ਉਸ ਨੇ ਕਿਹਾ ਕਿ ਮੇਰੀ ਧੀ ਨੂੰ ਖੁੱਲ੍ਹੇ ਆਸਮਾਨ ਹੇਠ ਮੱਛਰ ਕੱਟ ਰਹੇ ਹਨ, ਜਿਸ ਕਾਰਨ ਉਸ ਦੀ ਹਾਲਤ ਕਿਸੇ ਵੀ ਸਮੇਂ ਖਰਾਬ ਹੋ ਸਕਦੀ ਹੈ ਕਿਉਂਕਿ ਅੱਜਕਲ ਮਲੇਰੀਆ, ਡੇਂਗੂ ਆਦਿ ਫੈਲ ਰਹੇ ਹਨ।