ਸਲਮਾਨ ਦੇ ਜੇਲ ਜਾਣ ਸਬੰਧੀ ਜੋਤਿਸ਼ੀਆਂ ਦੀ ਭਵਿੱਖਬਾਣੀ ਨਿਕਲੀ ਠੀਕ

04/06/2018 7:25:19 AM

ਜਲੰਧਰ (ਧਵਨ)  - ਫਿਲਮ ਅਭਿਨੇਤਾ ਸਲਮਾਨ ਖਾਨ ਦੇ ਜੇਲ ਜਾਣ ਸਬੰਧੀ ਕਈ ਜੋਤਿਸ਼ੀਆਂ ਦੀ ਭਵਿੱਖਬਾਣੀ ਸਹੀ ਸਾਬਤ ਹੋਈ ਹੈ। ਕਰਨਾਲ ਦੇ ਜੋਤਿਸ਼ੀ ਪੰਡਿਤ ਵੇਦ ਪ੍ਰਕਾਸ਼ ਜਵਾਲੀ ਨੇ ਪਿਛਲੇ ਸਾਲ 8 ਮਈ ਨੂੰ ਪ੍ਰਕਾਸ਼ਤ ਕਰਵਾਈ ਆਪਣੀ ਭਵਿੱਖ ਬਾਣੀ 'ਚ ਕਿਹਾ ਸੀ ਕਿ ਸਲਮਾਨ ਖਾਨ ਦੀ ਕੁੰਡਲੀ 'ਚ 2002 ਤੋਂ ਸ਼ਨੀ ਮਹਾਦਸ਼ਾ ਸ਼ੁਰੂ ਹੋਈ ਹੈ, ਜਿਸ ਨੇ ਸਲਮਾਨ ਨੂੰ ਇੱਜ਼ਤ ਮਾਣ ਤਾਂ ਦਿੱਤਾ ਹੈ ਪਰ ਭਾਵ ਚਲਿਤ 'ਚ ਗ੍ਰਹਿਆਂ ਦੀ ਸਥਿਤੀ ਵੀ ਬਦਲ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਲਗਨ 'ਚ ਰਾਹੂ ਬੈਠ ਕੇ ਕਿਸਮਤ ਵਾਲੀ ਥਾਂ ਨੂੰ ਨੌਵੀਂ ਦ੍ਰਿਸ਼ਟੀ ਨਾਲ ਦੇਖ ਰਿਹਾ ਹੈ, ਜੋ ਬੰਧਨ ਯੋਗ ਬਣ ਰਿਹਾ ਹੈ। ਇਸੇ ਦੌਰਾਨ ਦੁਆਦਿਸ਼ ਘਰ ਦੇ ਮਾਲਕ ਦਾ ਦੂਜੇ ਘਰ 'ਚ ਬੈਠਣਾ ਵੀ ਬੰਧਨ ਯੋਗ ਨੂੰ ਦਰਸਾਉਂਦਾ ਹੈ। ਉਨ੍ਹਾਂ ਉਦੋਂ ਕਿਹਾ ਸੀ ਕਿ ਸ਼ਨੀ ਮਹਾਦਸ਼ਾ 'ਚ ਚੰਦਰਮਾ ਦੀ ਅੰਤਰਦਸ਼ਾ ਸਲਮਾਨ ਨੂੰ ਜ਼ਰੂਰ ਜੇਲ 'ਚ ਲੈ ਕੇ ਜਾਵੇਗੀ। ਉਨ੍ਹਾਂ ਨੂੰ ਜੇਲ ਜਾਣਾ ਹੀ ਪਵੇਗਾ। ਗ੍ਰਹਿ ਸਥਿਤੀ ਮੁਤਾਬਕ ਕੁੰਡਲੀ 'ਚ ਬਚਾਅ ਦਾ ਕੋਈ ਪੱਖ ਨਹੀਂ।
ਇਸੇ ਤਰ੍ਹਾਂ ਕੰਡਾ ਘਾਟ ਦੇ ਜੋਤਿਸ਼ੀ ਪੰਡਿਤ ਰਾਜੀਵ ਸ਼ਰਮਾ ਸ਼ੂਰ ਨੇ ਵੀ ਕਿਹਾ ਸੀ ਕਿ ਮੇਖ ਲਗਨ ਅਤੇ ਕੁੰਭ ਰਾਸ਼ੀ ਕਾਰਨ ਸਲਮਾਨ  ਖਾਨ ਦਾ ਭਵਿੱਖ ਦਾ ਸਮਾਂ ਭਾਰੀ ਰਹਿ ਸਕਦਾ ਹੈ। ਉਨ੍ਹਾਂ ਨੂੰ ਕਾਨੂੰਨੀ ਮੁਸ਼ਕਲਾਂ ਤੋਂ ਛੁਟਕਾਰਾ ਨਹੀਂ ਮਿਲੇਗਾ। ਉਨ੍ਹਾਂ ਕਿਹਾ  ਸੀ ਕਿ 24 ਅਗਸਤ 2002 ਤੋਂ ਸਲਮਾਨ ਦੀ ਸ਼ਨੀ ਦੀ ਮਹਾਦਸ਼ਾ ਚੱਲ ਰਹੀ ਹੈ।  ਸਲਮਾਨ ਦੀ ਭੈਣ ਅਰਪਿਤਾ ਦੇ ਵਿਆਹ ਦੇ ਮਹੂਰਤ ਨੂੰ ਵੀ ਉਨ੍ਹਾਂ ਗਲਤ ਕਰਾਰ ਦਿੱਤਾ ਸੀ।  ਕੁਝ ਜੋਤਿਸ਼ੀਆਂ ਦਾ ਕਹਿਣਾ ਹੈ ਕਿ ਸਲਮਾਨ ਖਾਨ ਦਾ ਫੈਸਲਾ ਵੀਰਵਾਰ ਉਸ ਸਮੇਂ ਆਇਆ ਹੈ ਜਦੋਂ ਚੰਦਰਮਾ ਬੁੱਧ ਰਾਸ਼ੀ 'ਚ ਸੰਚਾਰ ਕਰ ਰਿਹਾ ਸੀ। ਬੁੱਧ ਇਸ ਸਮੇਂ ਗੋਚਰ 'ਚ ਵੱਕਰੀ ਅਵਸਥਾ 'ਚ ਚੱਲ ਰਿਹਾ ਹੈ। ਇਸ ਲਈ ਅਜਿਹੇ ਸਮੇਂ 'ਚ ਰੇਲ ਯਾਤਰਾ ਦਾ ਯੋਗ ਬਣਦਾ ਹੈ। ਜੋਤਿਸ਼ੀਆਂ ਦਾ ਇਹ ਵੀ ਮੰਨਣਾ ਹੈ ਕਿ ਜਦੋਂ ਤਕ ਬੁੱਧ ਮਾਰਗੀ ਅਵਸਥਾ 'ਚ ਨਹੀਂ ਆਉਂਦੇ, ਸਲਮਾਨ ਖਾਨ ਨੂੰ ਰਾਹਤ ਦੀ ਉਮੀਦ ਨਹੀਂ ਹੈ।


Related News