ਨੌਜਵਾਨਾਂ ’ਚ ਕੱਟੜਤਾ ਫੈਲਣ ਤੋਂ ਰੋਕਣ ਲਈ ਦਰੁੱਸਤੀ ਭਰੇ ਕਦਮ ਚੁੱਕਣ ਦੀ ਲੋੜ : ਹਰਸਿਮਰਤ ਬਾਦਲ

07/17/2022 8:28:40 PM

ਚੰਡੀਗੜ੍ਹ (ਬਿਊਰੋ) : ਬਠਿੰਡਾ ਤੋਂ ਐੱਮ. ਪੀ. ਹਰਸਿਮਰਤ ਕੌਰ ਬਾਦਲ ਨੇ ਅੱਜ ਨੌਜਵਾਨਾਂ ’ਚ ਕੱਟੜਤਾ ਫੈਲਣ ਤੋਂ ਰੋਕਣ ਲਈ ਦਰੁੱਸਤੀ ਭਰੇ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ’ਚ ਪਹਿਲੀ ਵਾਰ ਫਿਰਕੂ ਝੜਪਾਂ ਹੋਈਆਂ ਹਨ, ਜਿਸ ਕਾਰਨ ਹਾਲਾਤ ਵਿਗੜੇ ਹਨ ਤੇ ਦਹਿਸ਼ਤੀ ਸਰਗਰਮੀਆਂ ਤੇ ਹਾਈ ਪ੍ਰੋਫਾਈਲ ਕਤਲਾਂ ਨਾਲ ਵੀ ਲੋਕਾਂ ’ਚ ਅਸੁਰੱਖਿਆ ਦੀ ਭਾਵਨਾ ਬਣ ਗਈ ਹੈ। ਅੱਜ ਸੰਸਦ ’ਚ ਸਰਬ ਪਾਰਟੀ ਮੀਟਿੰਗ ’ਚ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਬਹੁਤ ਡੂੰਘੀ ਚਿੰਤਾ ਦੀ ਗੱਲ ਹੈ ਕਿ ਸੂਬੇ ਵਿਚ ਅੱਤਵਾਦ ਵੇਲੇ ਜਾਂ 1984 ’ਚ ਦਿੱਲੀ ਵਿਚ ਸਿੱਖ ਨਸਲਕੁਸ਼ੀ ਵੇਲੇ ਵੀ ਪੰਜਾਬ ’ਚ ਫਿਰਕੂ ਝੜਪਾਂ ਨਹੀਂ ਹੋਈਆਂ ਸਨ, ਜੋ ਹੁਣ ਵਾਪਰ ਰਹੀਆਂ ਹਨ। ਮੁਹਾਲੀ ’ਚ ਸੂਬੇ ਦੇ ਖੁਫ਼ੀਆ ਹੈੱਡਕੁਆਰਟਰ ਨੂੰ ਰਾਕੇਟ ਲਾਂਚਰ ਨਾਲ ਅੱਤਵਾਦੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਤੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਏ. ਕੇ. 47 ਨਾਲ ਕਤਲ ਕਰ ਦਿੱਤਾ ਗਿਆ। ਬਾਦਲ ਨੇ ਕਿਹਾ ਕਿ ਇਸ ਦੇ ਨਾਲ ਹੀ ਪੰਜਾਬੀ ਅਲੱਗ-ਥਲੱਗ ਇਸ ਕਰ ਕੇ ਵੀ ਮਹਿਸੂਸ ਕਰ ਰਹੇ ਹਨ ਕਿ ਕੇਂਦਰ ਸਰਕਾਰ ਨੇ ਹਰਿਆਣਾ ਨੂੰ ਭਰੋਸਾ ਦਿੱਤਾ ਹੈ ਕਿ ਉਸ ਨੂੰ ਚੰਡੀਗੜ੍ਹ ’ਚ ਵੱਖਰੀ ਵਿਧਾਨ ਸਭਾ ਲਈ ਥਾਂ ਅਲਾਟ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦੇ ਦੋਸ਼ਾਂ ਮਗਰੋਂ ਬੋਲੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ, ਕਹੀਆਂ ਇਹ ਗੱਲਾਂ

ਉਨ੍ਹਾਂ ਕਿਹਾ ਕਿ ਪੰਜਾਬੀ ਇਹ ਮੰਨਦੇ ਹਨ ਕਿ ਚੰਡੀਗੜ੍ਹ ਉਨ੍ਹਾਂ ਦੀ ਰਾਜਧਾਨੀ ਹੈ ਤੇ ਵਾਰ-ਵਾਰ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਰਾਜਧਾਨੀ ਉਨ੍ਹਾਂ ਨੂੰ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਵੱਖਰੀ ਥਾਂ ਦੇਣ ਵਰਗੇ ਕਦਮਾਂ ਨਾਲ ਅਸੰਤੋਸ਼ ਫ਼ੈਲਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਦੀ ਰਾਖੀ ਕਰਨ ਦੀ ਥਾਂ ਦਾਅਵਾ ਹੀ ਸਰੰਡਰ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤ ਐੱਸ. ਵਾਈ. ਐੱਲ. ਅਤੇ ਕੰਵਰ ਗਰੇਵਾਲ ਦੇ ਗੀਤ ਰਿਹਾਈ ’ਤੇ ਪਾਬੰਦੀ ਵਰਗੇ ਕਦਮਾਂ ਨੇ ਅਲੱਗ-ਥਲੱਗ ਹੋਣ ਦੀਆਂ ਭਾਵਨਾਵਾਂ ਵਧਾਈਆਂ ਹਨ। ਦੋਵਾਂ ਗੀਤਾਂ ’ਚ ਸੂਬੇ ਦੇ ਦਰਿਆਈ ਪਾਣੀਆਂ ਦੀ ਰਾਖੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਸੀ ਅਤੇ ਇਹ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਸਨ। ਅਜਿਹੇ ਗੀਤਾਂ ’ਤੇ ਪਾਬੰਦੀ ਲੈਣ ਦੇ ਉਲਟ ਨਤੀਜੇ ਵੀ ਨਿਕਲ ਸਕਦੇ ਹਨ ਤੇ ਇਹ ਪਾਬੰਦੀ ਤੁਰੰਤ ਖਤਮ ਹੋਣੀ ਚਾਹੀਦੀ ਹੈ। ਬਠਿੰਡਾ ਦੇ ਐੱਮ. ਪੀ. ਨੇ ਹੋਰ ਕਦਮਾਂ ਦੀ ਗੱਲ ਵੀ ਕੀਤੀ, ਜਿਸ ਕਾਰਨ ਪੰਜਾਬੀ ਅਲੱਗ-ਥਲੱਗ ਮਹਿਸੂਸ ਕਰ ਰਹੇ ਹਨ ਤੇ ਇਨ੍ਹਾਂ ਵਿਚ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ’ਚ ਤਬਦੀਲ ਕਰਨ ਦੀ ਤਜਵੀਜ਼, ਚੰਡੀਗੜ੍ਹ ’ਚ ਵੱਖਰਾ ਯੂ. ਟੀ. ਕੇਡਰ ਬਣਾਉਣਾ, ਕੇਂਦਰੀ ਤਨਖਾਹ ਦਰਾਂ ਲਾਗੂ ਕਰਨੀਆਂ ਤੇ ਪੰਜਾਬੀ ਭਾਸ਼ਾ ਦੇ ਰੁਤਬੇ ਨੂੰ ਖੋਰਾ ਲਗਾਉਣਾ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਨੂ ਨੇ 15 ਅਗਸਤ ਤਕ ਭਾਰਤ ਦੇ ਵੱਡੇ ਸ਼ਹਿਰਾਂ ’ਚ ਬਿਜਲੀ ਸਪਲਾਈ ’ਚ ਵਿਘਨ ਪਾਉਣ ਦੀ ਦਿੱਤੀ ਧਮਕੀ

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿਚ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਨਾਲ ਵੀ ਮਾਹੌਲ ਖਰਾਬ ਹੋਇਆ ਹੈ। ਉਨ੍ਹਾਂ ਨੇ ਸੰਗਰੂਰ ਦੇ ਨਵੇਂ ਚੁਣੇ ਐੱਮ. ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦੱਸਣ ਦੇ ਦਾਅਵੇ ਅਤੇ ਬਠਿੰਡਾ ਵਿਚ ਮਹਾਤਮਾ ਗਾਂਧੀ ਦੇ ਬੁੱਤ ਦਾ ਅਪਮਾਨ ਕਰਨ ਵਰਗੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਕਿਸਾਨ ਅੰਦੋਲਨ ਅਤੇ ਕਿਸਾਨਾਂ ਨਾਲ ਸਾਰੀਆਂ ਜਿਣਸਾਂ ਲਈ ਐੱਮ. ਐੱਸ. ਪੀ. ਸ਼ੁਰੂ ਕਰਨ ਦੇ ਵਾਅਦੇ ਬਾਰੇ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਇਹ ਕਾਨੂੰਨ ਹਾਲੇ ਤੱਕ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੰਸਦ ’ਚ ਇਹ ਮੁੱਦੇ ਚੁੱਕਣਾ ਚਾਹੁੰਦਾ ਹੈ ਪਰ ਛੋਟੀ ਪਾਰਟੀ ਹੋਣ ਕਾਰਨ, ਕਿਹਾ ਨਹੀਂ ਜਾ ਸਕਦਾ ਕਿ ਇਸ ਨੂੰ ਲੋੜੀਂਦਾ ਸਮਾਂ ਦਿੱਤਾ ਜਾਵੇਗਾ ਜਾਂ ਨਹੀਂ ਤੇ ਉਨ੍ਹਾਂ ਨੇ ਪਾਰਲੀਮੈਂਟ ਵਿਚ ਕੁਲ ਮੈਂਬਰਾਂ ਦਾ 30 ਫੀਸਦੀ ਬਣਦੀਆਂ ਛੋਟੀਆਂ ਪਾਰਟੀਆਂ ਨੂੰ ਢੁੱਕਵਾਂ ਸਮਾਂ ਦੇਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ : 1 ਜੁਲਾਈ ਤੋਂ ਮੁਫ਼ਤ ਬਿਜਲੀ ਦਾ ਵਾਅਦਾ ਪੂਰਾ ਕਰਨ ਨਾਲ 51 ਲੱਖ ਘਰਾਂ ਦਾ ਬਿੱਲ ਆਵੇਗਾ ਜ਼ੀਰੋ : CM ਮਾਨ


Manoj

Content Editor

Related News