ਦੋਸ਼ੀਆਂ ''ਤੇ ਐੱਸ. ਸੀ., ਐੱਸ.ਟੀ. ਤਹਿਤ ਪਰਚਾ ਦਰਜ ਕਰਨ ਦੀ ਮੰਗ

Saturday, Jan 20, 2018 - 10:16 AM (IST)


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਸਮਾਘ ਦੇ ਦਲਿਤਾਂ ਨੂੰ ਇਨਸਾਫ਼ ਨਾ ਮਿਲਣ ਸਬੰਧੀ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੋਸ਼ੀਆਂ 'ਤੇ ਐੱਸ. ਸੀ., ਐੱਸ. ਟੀ. ਤਹਿਤ ਪਰਚਾ ਦਰਜ ਕਰਵਾਉਣ ਦੀ ਮੰਗ ਸਬੰਧੀ 1 ਫਰਵਰੀ, 2018 ਨੂੰ ਐੱਸ.ਐੱਸ.ਪੀ. ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਮੰਗਾ ਆਜ਼ਾਦ, ਜ਼ਿਲਾ ਆਗੂ ਗੁਰਾਂਦਿੱਤਾ ਸਿੰਘ, ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਬੀਤੀ 19 ਦਸੰਬਰ, 2017 ਨੂੰ ਪਿੰਡ ਸਮਾਘ ਦੇ ਦਲਿਤ ਪਰਿਵਾਰ ਦੇ ਨੌਜਵਾਨਾਂ ਅਤੇ ਔਰਤਾਂ ਨਾਲ ਪਿੰਡ ਦੇ ਹੀ ਵਿਅਕਤੀਆਂ ਸਿਕੰਦਰ ਸਿੰਘ (ਪੁਲਸ ਮੁਲਾਜ਼ਮ) ਉਸ ਦੇ ਪੁੱਤਰਾਂ ਸ਼ਨੀ ਸਿੰਘ, ਮਨੀ ਸਿੰਘ, ਭਰਾ ਸਾਧੂ ਸਿੰਘ ਅਤੇ ਬਲਕਾਰ ਸਿੰਘ ਵੱਲੋਂ ਆਪਣੇ ਘਰ ਬੰਦੀ ਬਣਾ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸੀ। ਉਨ੍ਹਾਂ ਦੱਸਿਆ ਕਿ ਦਲਿਤ ਨੌਜਵਾਨਾਂ ਨੇ ਸਿਰਫ ਉਕਤ ਲੋਕਾਂ ਨੂੰ ਆਪਣੇ ਘਰ ਅੱਗੇ ਖੜ੍ਹ ਕੇ ਸ਼ਰਾਰਤਾਂ ਕਰਨ ਤੋਂ ਹੀ ਰੋਕਿਆ ਸੀ।
ਉਨ੍ਹਾਂ ਦੱਸਿਆ ਕਿ ਜਦ ਦਲਿਤ ਪਰਿਵਾਰ ਦੀਆਂ ਔਰਤਾਂ ਆਪਣੇ ਲੜਕਿਆਂ ਨੂੰ ਛਡਵਾਉਣ ਗਈਆਂ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਅਤੇ ਇਕ ਔਰਤ ਦੇ ਦੰਦ ਤੱਕ ਭੰਨ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਥਾਣਾ ਬਰੀਵਾਲਾ ਦੀ ਪੁਲਸ ਨੇ ਦੋਸ਼ੀਆਂ 'ਤੇ 323,342,149 ਆਈ. ਪੀ. ਸੀ. ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਸੀ ਪਰ ਨਾ ਤਾਂ ਪੁਲਸ ਨੇ ਵਿੱਕੀ ਦੇ ਬਿਆਨਾਂ 'ਤੇ ਪਰਚਾ ਦਰਜ ਕੀਤਾ ਅਤੇ ਨਾ ਹੀ ਪੀੜਤ ਔਰਤ ਦੇ ਬਿਆਨ ਦਰਜ ਕੀਤੇ। ਉਸ ਤੋਂ ਬਾਅਦ 27 ਦਸੰਬਰ ਨੂੰ ਡੀ.ਐੱਸ.ਪੀ. ਦਫ਼ਤਰ ਅੱਗੇ ਧਰਨੇ ਤੋਂ ਬਾਅਦ ਡੀ.ਐੱਸ.ਪੀ. ਵੱਲੋਂ ਪੀੜਤਾਂ ਦੇ ਦੁਬਾਰਾ ਬਿਆਨ ਦਰਜ ਕਰਵਾ ਕੇ ਜੁਰਮ 'ਚ ਐੱਸ. ਸੀ., ਐੱਸ. ਟੀ. ਦਾ ਵਾਧਾ ਕਰਨ ਅਤੇ ਔਰਤਾਂ ਦੇ ਬਿਆਨ 'ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਨੌਜਵਾਨ ਭਾਰਤ ਸਭਾ ਸਮਾਘ ਦੇ ਆਗੂ ਮਹਾਸ਼ਾ ਸਿੰਘ ਅਤੇ ਪੀੜਤ ਪਰਿਵਾਰ ਨੇ ਕਿਹਾ ਕਿ 29 ਦਸੰਬਰ ਨੂੰ ਐੱਸ. ਸੀ. ਕਮਿਸ਼ਨ ਵੱਲੋਂ ਵੀ ਅਧਿਕਾਰੀਆਂ ਨੂੰ ਔਰਤਾਂ ਦੇ ਦੁਬਾਰਾ ਬਿਆਨ ਦਰਜ ਕਰ ਕੇ ਕਾਰਵਾਈ ਕਰਨ ਲਈ ਕਿਹਾ ਕਿ ਸੀ ਜਿਸ 'ਤੇ ਅਧਿਕਾਰੀਆਂ ਨੇ 16 ਜਨਵਰੀ ਤੱਕ ਦਾ ਸਮਾਂ ਮੰਗਿਆ ਪਰ 16 ਜਨਵਰੀ ਵਾਲੀ ਪੇਸ਼ ਰਿਪੋਰਟ 'ਚ ਸਿਰਫ਼ ਦੋਸ਼ੀਆਂ ਦੇ ਪੱਖ ਦੀ ਗੱਲ ਦਰਸਾਈ ਗਈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਕੁਝ ਕਾਂਗਰਸੀ ਆਗੂ ਦੋਸ਼ੀਆਂ ਦੀ ਸ਼ਰੇਆਮ ਮਦਦ ਕਰ ਰਹੇ ਹਨ ਜਿਸ 'ਤੇ ਪੁਲਸ ਵੱਲੋਂ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ। ਪਿੰਡ ਸਮਾਘ ਦੇ ਪੀੜਤ ਦਲਿਤ ਪਰਿਵਾਰ ਨੇ ਮੰਗ ਕੀਤੀ ਕਿ ਦੋਸ਼ੀਆਂ ਦੇ ਜੁਰਮ 'ਚ ਵਾਧਾ ਕਰਦਿਆਂ ਐੱਸ. ਸੀ., ਐੱਸ. ਟੀ. ਤਹਿਤ ਪਰਚਾ ਦਰਜ ਕੀਤਾ ਜਾਵੇ। ਇਸ ਸਮੇਂ ਨੌਜਵਾਨ ਭਾਰਤ ਸਭਾ ਦੇ ਆਗੂਆਂ ਅਤੇ ਪੀੜਤ ਪਰਿਵਾਰ ਨੇ ਇਨਸਾਫ- ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ 1 ਫਰਵਰੀ ਨੂੰ ਐੱਸ. ਐੱਸ. ਪੀ. ਦਫ਼ਤਰ ਅੱਗੇ ਧਰਨੇ 'ਚ ਪਹੁੰਚਣ। ਇਸ ਦੌਰਾਨ ਨੌਜਵਾਨ ਭਾਰਤ ਸਭਾ ਦੇ ਨਗਿੰਦਰ ਸਿੰਘ ਫਰੀਦਕੋਟ, ਸ਼ੰਮੀ ਸਿੰਘ, ਰਮਨਦੀਪ ਸਿੰਘ, ਲਖਵੰਤ ਸਿੰਘ ਭੁੱਟੀਵਾਲਾ, ਜਗਜੀਤ ਸਿੰਘ ਆਦਿ ਆਗੂ ਹਾਜ਼ਰ ਸਨ।


Related News