ਕੈਂਟ ਦੇ ਰਹਿਣ ਵਾਲੇ ਜੈਗ ਬਡਵਾਲ ਕੈਨੇਡਾ ਦੀ 164 ਸਾਲ ਪੁਰਾਣੀ ਵਿਰੋਧੀ ਪਾਰਟੀ ਦੇ ਬਣੇ ਪ੍ਰਧਾਨ

02/12/2018 1:29:08 PM

ਜਲੰਧਰ— ਇਥੋਂ ਦੇ ਕੈਂਟ ਦੇ ਰਹਿਣ ਵਾਲੇ ਜੈਗ ਬਡਵਾਲ ਕੈਨੇਡਾ ਦੀ ਪ੍ਰਮੁੱਖ ਵਿਰੋਧੀ ਪਾਰਟੀ (ਓ. ਪੀ. ਸੀ.) ਪ੍ਰੋਗ੍ਰੇਸਿਵ ਕੰਜ਼ਰਵੈਟਿਵ ਪਾਰਟੀ ਆਫ ਓਂਟੇਰੀਓ ਦੇ ਪ੍ਰਧਾਨ ਚੁਣੇ ਗਏ ਹਨ। ਕਰੀਬ 15 ਦਿਨ ਪਹਿਲਾਂ ਪ੍ਰਧਾਨ ਬਣੇ ਬਡਵਾਲ 164 ਸਾਲ ਪੁਰਾਣੀ ਪਾਰਟੀ ਦੇ ਪਹਿਲੇ ਗੈਰ-ਕੈਨੇਡੀਅਨ ਮੂਲ ਦੇ ਪ੍ਰਧਾਨ ਹਨ। ਫਿਲਹਾਲ ਉਨ੍ਹਾਂ ਨੂੰ ਢਾਈ ਮਹੀਨਿਆਂ ਲਈ ਇਹ ਜ਼ਿੰਮੇਵਾਰੀ ਮਿਲੀ ਹੈ। 
ਕੈਨੇਡਾ 'ਚ ਦਵਾਈਆਂ ਦੀ ਕੰਪਨੀ 'ਚ ਕੀਤਾ ਕੰਮ 
ਬਡਵਾਲ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਚੱਬੇਵਾਲ ਦੇ ਕੋਲ ਪਿੰਡ ਰਜਨੀ ਦੇ ਰਹਿਣ ਵਾਲੇ ਹਨ। ਪਿਤਾ ਫੌਜ 'ਚ ਸਨ, ਇਸ ਲਈ ਜਨਮ ਜਲੰਧਰ ਕੈਂਟ 'ਚ ਹੋਇਆ। ਪਰਿਵਾਰ ਬਾਅਦ 'ਚ ਉਥੇ ਹੀ ਸੈਟਲ ਹੋ ਗਿਆ। ਉਨ੍ਹਾਂ ਦੇ 6 ਭਰਾ ਅਤੇ ਇਕ ਭੈਣ ਹੈ। ਇਕ ਭਰਾ ਆਸਟ੍ਰੇਲੀਆ 'ਚ ਹੈ ਅਤੇ ਭੈਣ ਕੈਨੇਡਾ 'ਚ। ਬਾਕੀ ਦੇ 5 ਭਰਾ ਜਲੰਧਰ 'ਚ ਹੀ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਖਾਲਸਾ ਕਾਲਜ ਤੋਂ ਬੀ. ਐੱਸ. ਸੀ. ਅਤੇ ਬਾਅਦ 'ਚ ਪਟਿਆਲਾ ਤੋਂ ਡੀ.ਫਾਰਮੇਸੀ ਕਰਨ ਦੇ ਬਾਅਦ 1987 'ਚ ਕੈਨੇਡਾ ਪਹੁੰਚੇ ਸਨ ਅਤੇ ਕੁਝ ਸਮਾਂ ਦਵਾਈਆਂ ਦੀ ਕੰਪਨੀ 'ਚ ਕੰਮ ਕੀਤਾ। ਇਥੇ ਫਿਰ ਤੋਂ ਬੀ. ਐੱਸ. ਸੀ. ਵੀ ਕੀਤੀ। ਇਸ ਦੇ ਬਾਅਦ ਰੀਅਲ ਅਸਟੇਟ 'ਚ ਹੱਥ ਅਜਮਾਇਆ ਅਤੇ ਕੰਮ ਚੱਲ ਪਿਆ।  
ਬਡਵਾਲ ਰਾਜਨੀਤੀ 'ਚ 90 ਦੇ ਦਹਾਕੇ 'ਚ ਸਰਗਰਮ ਹੋਏ। ਸਾਲ 2012 'ਚ ਉਹ ਓ. ਪੀ. ਸੀ. ਦੇ ਰੀਜਨਲ ਉੱਪ ਪ੍ਰਧਾਨ ਚੁਣੇ ਗਏ। ਸਾਲ 2016 'ਚ ਪਹਿਲੇ ਉੱਪ ਪ੍ਰਧਾਨ ਚੁਣੇ ਗਏ। ਇਸੇ ਦੌਰਾਨ ਪਾਰਟੀ ਨੇ ਅਸਤੀਫਾ ਦੇ ਦਿੱਤਾ ਅਤੇ ਪਾਰਟੀ ਸੰਵਿਧਾਨ ਦੇ ਮੁਤਾਬਕ ਪ੍ਰਧਾਨ ਦੇ ਅਚਾਨਕ ਅਸਤੀਫਾ ਦੇਣ ਦੀ ਸਥਿਤੀ 'ਚ ਪ੍ਰਧਾਨ ਦੀ ਜਗ੍ਹਾ ਪਹਿਲਾ ਉੱਪ ਪ੍ਰਧਾਨ ਲੈ ਲੈਂਦਾ ਹੈ। ਹੁਣ ਪ੍ਰਧਾਨ ਅਹੁਦੇ ਲਈ ਪਾਰਟੀ 10 ਮਾਰਚ ਨੂੰ ਚੋਣ ਕਰਵਾਉਣ ਜਾ ਰਹੀ ਹੈ। ਇਸ ਵਾਰ ਉਹ ਓਂਟੇਰੀਓ 'ਚ ਸਰਕਾਰ ਬਣਾਉਣ ਜਾ ਰਹੇ ਹਨ। 
ਜਾਣਕਾਰਾਂ ਮੁਤਾਬਕ ਕੈਨੇਡਾ ਦੇ ਜ਼ਿਆਦਾਤਰ ਸੂਬਿਆਂ 'ਚ ਹੁਣ ਸਥਿਤੀ ਅਜਿਹੀ ਹੈ ਕਿ ਬਿਨਾਂ ਭਾਰਤੀਆਂ ਦੇ ਕੋਈ ਵੀ ਪਾਰਟੀ ਉਥੇ ਪੂਰੀ ਤਰ੍ਹਾਂ ਸੱਤਾ 'ਚ ਨਹੀਂ ਆ ਸਕਦੀ। ਦੂਜੀਆਂ ਪਾਰਟੀਆਂ ਦੇ ਮੁਕਾਬਲੇ ਇਸ ਪਾਰਟੀ 'ਚ ਭਾਰਤੀਆਂ ਦੀ ਨੁਮਾਇੰਦਗੀ ਕਾਫੀ ਘੱਟ ਹੈ।