ਗੁਰੂ ਨਾਨਕ ਸਾਹਿਬ ਜੀ ਦੇ ਦਰ-ਘਰ ਦੇ ਖਿਦਮਤਗਾਰ ‘ਪ੍ਰੋਫ਼ੈਸਰ ਪੂਰਨ ਸਿੰਘ’

03/31/2021 12:06:33 PM

ਮੈਂ ਢਾਡੀ ਉੱਚੇ, ਆਲੀਸ਼ਾਨ, ਗੁਰੂ ਨਾਨਕ ਕਰਤਾਰ ਦਾ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੇ ਖਿਦਮਤਦਾਰ ਪ੍ਰੋਫ਼ੈਸਰ ਪੂਰਨ ਸਿੰਘ ਵਰਗੇ ਵਿਰਲੇ ਹੀ ਵੇਖਣ ਨੂੰ ਮਿਲਦੇ ਹਨ। ਅਲਬੇਲਾ ਕਵੀ, ਉਚ ਕੋਟੀ ਦਾ ਵਾਰਤਾਕਾਰ, ਸਫਲ ਵਿਗਿਆਨੀ, ਧਰਮ ਵੇਤਾ, ਉਤਮ ਅਨੁਵਾਦਕ, ਚਿੰਤਕ, ਸੁਹਜ ਕਲਾਵਾਂ ਦਾ ਪ੍ਰੇਮੀ, ਪ੍ਰੋ.ਪੂਰਨ ਸਿੰਘ ਦਾ ਜਨਮ 17 ਫਰਵਰੀ 1881 ਨੂੰ ਸਰਦਾਰ ਕਰਤਾਰ ਸਿੰਘ ਕਾਨੂੰਗੋ ਦੇ ਘਰ ਮਾਤਾ ਪਰਮਾਦੇਵੀ ਦੀ ਕੁੱਖੋਂ, ਐਬਟਾਬਾਦ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਸਲਹੱਡ ਵਿੱਚ ਹੋਇਆ। ਮਾਤਾ ਜੀ ਦੀ ਧਾਰਮਿਕ ਸਖਸ਼ੀਅਤ, ਉੱਚ ਆਚਰਣ, ਸੁਹਜ ਸਿਆਣਪ ਦਾ ਅਸਰ ਪ੍ਰੋ.ਪੂਰਨ ਸਿੰਘ ’ਤੇ ਬੜਾ ਡੂੰਘਾ ਪਿਆ। ਪਿਤਾ ਦੀ ਸਰਕਾਰੀ ਮੁਲਾਜਮਤ ਕਾਰਨ ਹੁੰਦੀਆਂ ਬਦਲੀਆਂ ਨਾਲ ਬਚਪਨ ਵਿੱਚ ਸਾਰਾ ਗੰਧਾਰ ਦੇਸ਼ ਵੇਖ ਲਿਆ।

ਸਿੱਖਿਆ ਅਤੇ ਭਾਸ਼ਾ 
1886 ਵਿੱਚ ਹਵੇਲੀਆਂ ਪਿੰਡ ਵਿਚ ਆ ਵੱਸੇ। ਇਥੇ ਹੀ ਗੁਰਦੁਆਰੇ ਦੇ ਭਾਈ ਬੇਲਾ ਸਿੰਘ ਕੋਲੋਂ ਗੁਰਮੁਖੀ ਤੇ ਮਸੀਤ ਦੀ ਮੌਲਵੀ ਜੀ ਪਾਸੋਂ ਫਾਰਸੀ ਪੜ੍ਹਨੀ ਸ਼ੁਰੂ ਕੀਤੀ। ਫਿਰ ਇਹ 1890 ਵਿੱਚ ਹਰੀਪੁਰ ਆ ਗਏ। ਇਥੇ ਐਂਗਲੋ ਮਿਡਲ ਸਕੂਲ ਵਿਚੋਂ ਮਿਡਲ ਪਾਸ ਕੀਤੀ। ਇਥੇ ਸਕੂਲ ਦਾ ਮੁਖੀ ਇਸਾਈ ਸੀ। ਜੇ ਇਹ ਕਹਿ ਲਈਏ ਤਾਂ ਅਤਿ ਕਥਨੀ ਨਹੀਂ ਹੋਵੇਗੀ ਕਿ ਉਨ੍ਹਾਂ ਨੇ ਉਮਰ ਦੇ ਇਸ ਪੜਾਅ ਤੱਕ ਤਿੰਨ ਤਹਿਜੀਬਾਂ ਨੂੰ ਬਹੁਤ ਨੇੜੇ ਤੋਂ ਸਮਝਿਆ।1895 ਵਿੱਚ ਰਾਵਲਪਿੰਡੀ ਮਿਸ਼ਨ ਸਕੂਲ ਤੋਂ 10ਵੀਂ ਪਾਸ ਕੀਤੀ। ਇਥੇ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਵਾਪਰੀ ਇਕ ਘਟਨਾ ਨੇ ਇਨ੍ਹਾਂ ਦੇ ਕੋਮਲ ਮਨ ਵਿਚ ਇਸਤਰੀ ਜਾਤੀ ਲਈ ਅਥਾਹ ਹਮਦਰਦੀ ਭਰ ਦਿੱਤੀ। ਇਨ੍ਹਾਂ ਨੂੰ ਹਰੇਕ ਇਸਤਰੀ ਦਾ ਚਿਹਰਾ ਬੜਾ ਮਾਸੂਮ, ਨਾਜ਼ੁਕ ਤੇ ਮਜ਼ਲੂਮ ਨਜ਼ਰ ਆਇਆ, ਜੋ ਉਨ੍ਹਾਂ ਦੀ ਲਿਖਤ ਵਿੱਚ ਝਲਕਦਾ ਹੈ। ਅਗਲੀ ਪੜ੍ਹਾਈ ਲਈ ਡੀ.ਏ.ਵੀ ਕਾਲਜ ਲਾਹੌਰ ਦਾਖਲਾ ਲਿਆ। ਇਹ ਬਹੁਤ ਅਸਾਧਾਰਨ ਬੁਧੀ ਦੇ ਮਾਲਕ ਸਨ। ਇਕ ਪਾਸੇ ਵਿਗਿਆਨ ਪੜ੍ਹਦੇ ਅਤੇ ਦੂਏ ਪਾਸੇ ਸੰਸਕ੍ਰਿਤ। 1900 ਵਿੱਚ ਜਪਾਨ ਦੇ ਸ਼ਹਿਰ ਟੋਕੀਓ ਦੀ ਇੰਪੀਰੀਅਲ ਯੂਨੀਵਰਸਿਟੀ ਵਿੱਚ ਫ਼ਾਰਮਾਸਿਊਟੀਕਲ ਕੈਮਿਸਟਰੀ ਦੀ ਪੜ੍ਹਾਈ ਲਈ ਦਾਖਲਾ ਲਿਆ। ਇਥੇ ਜਾਪਾਨੀ ਤੇ ਜਰਮਨ ਭਾਸ਼ਾ ’ਤੇ ਆਬੂਰ ਹਾਸਲ ਕੀਤਾ।

ਵਿਗਿਆਨੀ ਵੀ ਸਨ ਪ੍ਰੋ. ਪੂਰਨ ਸਿੰਘ 
ਪ੍ਰੋ. ਪੂਰਨ ਸਿੰਘ ਵਿਗਿਆਨੀ ਵੀ ਸਨ। ਉਸਦਾ ਕੋਮਲ ਹਿਰਦਾ ਧਰਮ, ਚਿੰਤਨ, ਵਿਸ਼ਵ ਫਲਸਫ਼ੇ ਪ੍ਰਤੀ ਬੜਾ ਸੁਹਜ ਸੀ। ਜਾਪਾਨ ਵਿੱਚ ਬੁਧ ਧਰਮ ਦੀ ਛੁਹ ਤੋਂ ਪ੍ਰਭਾਵਿਤ ਹੋ ਕੇ, ਘੋਨ ਮੋਨ ਹੋ ਵੈਰਾਗ ਅਵਸਥਾ ਵਿੱਚ 'ਬੁਧ ਸ਼ਰਣੰ ਗੱਛਾਮਿ' ਦਾ ਜਾਪ ਕਰਨ ਲੱਗੇ। ਇਨ੍ਹਾਂ ਦੀ ਉੱਚ ਅਵਸਥਾ ਤੋਂ ਪ੍ਰਭਾਵਿਤ ਹੋ ਕੇ ਇਕ ਬੁਧ ਮੰਦਰ ਦੇ ਪੁਜਾਰੀ ਨੇ ਇਨ੍ਹਾਂ ਨੂੰ ਮੰਦਰ, ਜਾਗੀਰ ਆਦਿ ਗ੍ਰਹਿਣ ਕਰਨ ਲਈ ਆਖਿਆ ਤਾਂ ਇਨ੍ਹਾਂ ਨੇ ਬਹੁਤ ਪ੍ਰੇਮ ਪੂਰਵਕ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਇਨ੍ਹਾਂ ਦੀ ਮਹੱਤਤਾ ਇਥੋਂ ਜਾਣੀ ਜਾ ਸਕਦੀ ਹੈ ਕਿ ਇਨ੍ਹਾਂ ਦਿਨੀਂ ਓਰੀਐਂਟਲ ਕਲੱਬ ਵਿਚ ਭਾਰਤੀ ਸੰਸਕ੍ਰਿਤੀ ਅਤੇ ਆਜ਼ਾਦੀ ਬਾਰੇ ਇਨ੍ਹਾਂ ਦੇ ਉਚੇਚੇ ਭਾਸ਼ਣ ਕਰਵਾਏ ਜਾਂਦੇ। ਜਾਪਾਨ ਦੇ ਮਹਾਨ ਫਿਲਾਸਫਰ ਉਕਾਕੂਰਾ ਨੇ ਇਨ੍ਹਾਂ ਨੂੰ ਉਚੇਚ ਨਾਲ ਆਪਣੇ ਘਰ ਬੁਲਾਇਆ, ਜੋ ਇਨ੍ਹਾਂ ਦਾ ਦੋਸਤ ਬਣ ਗਿਆ। ਜਾਪਾਨ ਦੇ ਵਿਦਵਾਨ ਤੇ ਸਾਇੰਸਵੇਤਾ ਨੋਹਾਚੀ, ਹੀਰਾਏ ਉਚੀਗਾਰਾ ਇਨ੍ਹਾਂ ਦੇ ਦੋਸਤਾਂ ਸਨ। ਇਕ ਦਿਨ ਹਿੰਦੁਸਤਾਨੀ ਜਾਪਾਨੀ ਕਲੱਬ ਵਿੱਚ 'ਸੁਆਮੀ ਰਾਮ ਤੀਰਥ' ਨਾਲ ਬੋਧੀ ਭਿਕਸੂ ਬਣੇ ਪੂਰਨ ਸਿੰਘ ਦਾ ਮਿਲਾਪ ਹੋ ਗਿਆ। ਇਨ੍ਹਾਂ ਦੀ ਸੰਗਤ ਨੇ ਬੋਧੀ ਤੋਂ ਵੇਦਾਂਤੀ ਸਾਧੂ ਬਣਾ ਦਿੱਤਾ। ਗੇਰੂ ਰੰਗ ਦੇ ਬਸਤਰ ਧਾਰਨ ਕਰ ਲਏ। ਇਕ ਬੰਨੇ ਲੈਬਾਰਟਰੀ ਵਿੱਚ ਕੈਮਿਸਟਰੀ ਦੇ ਪ੍ਰਯੋਗ ਕਰਦੇ ਤਾਂ ਦੂਜੇ ਬੰਨੇ ਜਾਪਾਨੀ ਤੇ ਭਾਰਤੀ ਲੋਕਾਂ ਨੂੰ ਆਜ਼ਾਦੀ ਤੇ ਪੂਰਬੀ ਫਲਸਫੇ ਤੋਂ ਜਾਣੂ ਕਰਵਾਉਣ ਲਈ 'ਥੰਡਰਿੰਗ ਡਾਅਨ' ਨਾਮ ਦਾ ਰਸਾਲਾ ਵੀ ਕੱਢ ਰਹੇ ਸਨ। 

ਵੇਦਾਂਤੀ ਸੰਨਿਆਸੀ ਸਾਧੂ ਦੇ ਰੂਪ ਵਿੱਚ ਪੂਰਨ ਸਿੰਘ 
1903 ਈਸਵੀ ਵਿੱਚ ਪੂਰਨ ਸਿੰਘ ਵੇਦਾਂਤੀ ਸੰਨਿਆਸੀ ਸਾਧੂ ਦੇ ਰੂਪ ਵਿੱਚ ਵਾਪਸ ਕਲਕੱਤੇ ਆ ਗਏ। ਜਦ ਪਿਓ ਨੇ ਆਪਣੇ ਪੁੱਤ ਨੂੰ ਇਸ ਰੂਪ ਵਿੱਚ ਵੇਖਿਆ ਤਾਂ ਉਹ ਬਹੁਤ ਦੁਖੀ ਹੋਏ। ਮਾਂ ਵੀ ਬਹੁਤ ਦੁਖੀ ਹੋਈ ਪਰ ਪੁੱਤ ਨੂੰ ਵੇਖ ਧਰਵਾਸ ਵੀ ਸੀ। ਇਸ ਸਮੇਂ ਪ੍ਰੋ.ਪੂਰਨ ਸਿੰਘ ਨੇ ਇਸ ਮਿਲਣੀ ਨੂੰ ਕੋਈ ਉਚੇਚਾ ਮਹੱਤਵ ਨਾ ਦਿੱਤਾ, ਕਿਉਂਕਿ ਸੰਨਿਆਸੀ ਬ੍ਰਿਤੀ ਭਾਰੂ ਸੀ, ਜਿਸਦਾ ਉਨ੍ਹਾਂ ਨੂੰ ਸਾਰੀ ਉਮਰ ਬਾਅਦ ਵਿਚ ਅਫ਼ਸੋਸ ਰਿਹਾ। ਮਾਂ ਆਪਣੇ ਪੁੱਤ ਨੂੰ ਨਾਲ ਲੈ ਕੇ ਆਈ ਘਰ। ਉਧਰ ਇਨ੍ਹਾਂ ਦੀ ਭੈਣ ਗੰਗਾ ਆਖ਼ਰੀ ਸਾਹਾਂ ’ਤੇ ਪਈ ਹੋਈ ਸੀ । ਇਨ੍ਹਾਂ ਨੇ ਉਸਦਾ ਸਿਰ ਆਪਣੀ ਗੋਦ ਵਿੱਚ ਲੈ ਕੇ ਪੁਛਿਆ, "ਗੰਗਾ! ਕੀ ਮੈਂ ਤੇਰੀ ਕੋਈ ਚਾਹ ਪੂਰੀ ਕਰ ਸਕਦਾ ਹਾਂ?" ਉਸਨੇ ਆਖਿਆ, "ਭਾਪਾ! ਜਿਸ ਕੁੜੀ ਨਾਲ ਤੂੰ ਮੰਗਿਆ ਹੋਇਆ ਹੈਂ ਉਸ ਨਾਲ ਵਿਆਹ ਕਰਵਾ ਲਈਂ।" ਪੂਰਨ ਸਿੰਘ ਹੁਣਾ ਦੇ ਹਾਂ ਕਹਿਣ ਦੀ ਦੇਰ ਸੀ ਕਿ ਗੰਗਾ ਸਦਾ ਲਈ ਅੱਖਾਂ ਮੀਟ ਗਈ। 1904 ਵਿੱਚ ਇਨ੍ਹਾਂ ਦਾ ਵਿਆਹ ਮਾਯਾ ਦੇਵੀ ਨਾਲ ਹੋਇਆ।

ਜਜ਼ਬਾਤੀ ਬਹੁਤ ਸਨ ਪੂਰਨ ਸਿੰਘ 
ਭੈਣਾਂ ਦੇ ਪਿਆਰ, ਮਾਤਾ ਦੀ ਤੜਫ ਤੇ ਪਤਨੀ ਦੇ ਮੋਹ ਨੇ ਸੰਨਿਆਸੀ ਰੰਗ ਨੂੰ ਫਿਕਾ ਕਰਨਾ ਸ਼ੁਰੂ ਕਰ ਦਿੱਤਾ ਸੀ। ਜਜ਼ਬਾਤੀ ਬਹੁਤ ਸਨ, ਸੰਨਿਆਸੀ ਦਾ ਤ੍ਰਿਸਕਾਰ ਬਰਦਾਸ਼ਤ ਨਹੀਂ ਕਰ ਸਕਦੇ ਸਨ। ਉਹ ਕੋਮਲਚਿਤ ਇੰਨੇ ਸਨ ਕਿ ਇਕ ਵਾਰ ਸ਼ਿਕਾਰੀ ਟੋਕਰੀ ਨੇ ਜਾਲੀ ਵਿੱਚ ਫਾਹੀਆਂ ਚਿੜੀਆਂ ਨੂੰ ਛੱਡਣ ਲਈ 30 ਰੁਪਏ ਤੱਕ ਦੇ ਦਿੱਤੇ। ਚਿੜੀਆਂ ਦੇ ਆਸਮਾਨ ਵਿੱਚ ਉਡਾਰੀ ਭਰਨ ’ਤੇ ਉਹ ਬਹੁਤ ਖੁਸ਼ ਹੋਏ। ਉਹ 1906 ਤੱਕ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਕਾਲਜ ਦੇ ਪ੍ਰਿੰਸੀਪਲ ਰਹੇ। ਫਿਰ ਦੇਹਰਾਦੂਨ ਵਿੱਚ ਸਰਕਾਰ ਦੇ ਫ਼ੋਰੈਸਟ ਰੀਸਰਚ ਇਨਸਟੀਚਿਊਟ ਵਿਖੇ ਰਸਾਇਣੀ ਸਲਾਹਕਾਰ ਲੱਗ ਗਏ। ਇਸ ਸਮੇਂ ਵਿਚ ਉਨ੍ਹਾਂ ਦਾ ਮੇਲ ਪ੍ਰਸਿੱਧ ਗਾਇਕ ਵਿਸ਼ਨੂੰ ਦਿਗੰਬਰ, ਸ਼ਾਇਰ ਸਰ ਇਕਬਾਲ, ਡਾ.ਖੁਦਾਦਾਦ, ਪੰਡਿਤ ਹਰਦਿਆਲ ਆਦਿ ਨਾਲ ਹੋਇਆ। ਇਹ ਸਾਂਝ ਉਮਰਾਂ ਤੋੜੀ ਨਿਭੀ।

ਸਿਆਲਕੋਟ ਵਿਖੇ ਸਿੱਖ ਐਜੂਕੇਸ਼ਨਲ ਕਾਨਫਰੰਸ
1912 ਵਿੱਚ ਸਿਆਲਕੋਟ ਵਿਖੇ ਸਿੱਖ ਐਜੂਕੇਸ਼ਨਲ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਸੰਨਿਆਸੀ ਪੂਰਨ ਸਿੰਘ ਹੁਣੀ ਵੀ ਪੁੱਜੇ। ਇਥੇ ਹੀ ਇਨ੍ਹਾਂ ਦਾ ਪਹਿਲੀ ਵਾਰ ਮਿਲਾਪ ਸਿੱਖੀ ਵਹਿੜੇ ਦੇ ਸ਼ਾਨ ਭਾਈ ਵੀਰ ਸਿੰਘ ਨਾਲ ਹੋਇਆ । ਪੂਰਨ ਸਿੰਘ ਨੂੰ ਭਾਈ ਵੀਰ ਸਿੰਘ ਦੀ ਸਖ਼ਸ਼ੀਅਤ ਨੇ ਟੁੰਬਿਆ । ਤਕਰੀਬਨ ਛੇ ਘੰਟੇ ਇਕੋ ਕਮਰੇ ਵਿੱਚ ਵੇਦਾਂਤ ਤੇ ਗੁਰਮਤਿ ਉਪਰ ਦੋ ਰੂਹਾਂ ਵਿਚ ਹੋਈ ਵਾਰਤਾ ਤੋਂ ਬਾਅਦ ਜਦ ਬੂਹਾ ਖ਼ੁਲ੍ਹਿਆ ਤਾਂ ਗੇਰੂ ਬਸਤਰ ਉਤਾਰ ਪੂਰਨ ਸਿੰਘ ਦੁਬਾਰਾ ਪੂਰਾ ਹੋਏ, ਭਾਈ ਵੀਰ ਸਿੰਘ ਹੁਣਾ ਦੀ ਛੋਹ ਸਦਕਾ ਸਿੱਖੀ ਆਭਾ ਮੰਡਲ ਵਿੱਚ ਪ੍ਰਵੇਸ਼ ਕੀਤਾ ।ਸਹੀ ਅਰਥਾਂ ਵਿਚ ਹੁਣ ਉਹ 'ਪੂਰਨ' ਵੀ ਸਨ ਤੇ 'ਸਿੰਘ' ਵੀ। ਇਸ ਥਾਂ ਤੋਂ ਗੁਰੂ ਨਾਲ ਇਕ ਮਿਕ ਹੋਣ ਦੇ ਸ਼ੁਰੂ ਹੋਏ ਸਫ਼ਰ ਨੇ ਉਨ੍ਹਾਂ ਨੂੰ ਉਸ ਸਿਖ਼ਰ ’ਤੇ ਲੈ ਆਉਂਦਾ ਜਿਥੇ ‘ਖਾਲਸਾ ਮੇਰੋ ਰੂਪ ਹੈ, ਖਾਸ ਹੋ ਜਾਈਦਾ ਹੈ।’ ਇਨ੍ਹਾਂ ਦਿਨਾਂ ਵਿੱਚ ਸਿੱਖ ਧਰਮ ਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਰਬਿੰਦਰ ਨਾਥ ਟੈਗੋਰ ਦੀਆਂ ਮਾਡਰਨ ਰਵੀਊ ਵਿਚਲੀਆਂ ਘਟੀਆ ਟਿੱਪਣੀਆਂ ਦਾ ਠੋਕ ਵਜਾ ਕੇ ਜੁਆਬ ਦਿੱਤਾ। 

ਜੇ ਇਹ ਕਹਿ ਲਿਆ ਜਾਵੇ ਤਾਂ ਦਰੁਸਤ ਹੈ ਕਿ ਇਨ੍ਹਾਂ ਨੂੰ ਗੁਰੂ ਬਾਬੇ ਦੀ ਉਹ ਆਸੀਸ ਹਾਸਲ ਸੀ, ਜਿਸਦਾ ਜ਼ਿਕਰ ਜਨਮ ਸਾਖੀ ਵਿਚ 'ਉਜੜ ਜਾਉ' ਦੇ ਰੂਪ ਵਿਚ ਆਉਦਾ ਹੈ ਤਾਂ ਕਿ ਚੰਗਿਆਈਆ ਫੈਲਦੀ ਰਹੇ। ਇਹ ਕਦੀ ਵੀ ਇਕ ਥਾਂ ਟਿਕ ਨਹੀਂ ਬੈਠੇ। 1918 ਵਿੱਚ ਪਟਿਆਲੇ ,1919 ਤੋਂ 1923 ਤੱਕ ਗਵਾਲੀਅਰ ਰਿਆਸਤ ਅਤੇ 1926 ਈਸਵੀ ਵਿਚ ਕਸ਼ਮੀਰ ਦੇ ਮਹਾਰਾਜਾ ਪਾਸ ਨੌਕਰੀ ਕੀਤੀ ਪਰ ਮਾਹੌਲ ਰਾਸ ਨਾ ਆਉਣ ਕਾਰਨ ਉਹ ਅਗਲੇ ਸਫ਼ਰ ’ਤੇ ਤੁਰ ਪੈਂਦੇ। ਉਹ ਦੁਨਿਆਵੀ ਚੁਸਤੀਆਂ, ਚਲਾਕੀਆਂ, ਗਰਜਾ ਤੋਂ ਅਭਿੱਜ ਸਨ। 1926 ਈਸਵੀ ਵਿੱਚ ਚੱਕ ਨੰਬਰ 73/19 ਜੜ੍ਹਾਂ ਵਾਲੇ, 15 ਮੁਰੱਬੇ ਲੈ ਕੇ ਰੋਸ਼ਾ ਘਾਹ ਬੀਜ ਕੇ ਤੇਲ ਕੱਢਣ ਦੀ ਸਕੀਮ ਬਣਾਈ । ਇਸ ਸਾਰੇ ਉਪਰ ਬਹੁਤ ਮਿਹਨਤ ਕੀਤੀ ਪਰ ਰੱਬ ਦੀ ਕਰਨੀ , ਹੜ੍ਹ ਆਇਆ ਤੇ ਸਾਰੇ ਘਰ ਨੂੰ ਰੋੜ ਕੇ ਲੈ ਗਿਆ। ਕੇਵਲ ਆਪਣੀਆਂ ਲਿਖਤਾਂ ਤੇ ਪੁਸਤਕਾਂ ਦੇ ਭਰੇ ਟਰੰਕ ਨੂੰ ਉਚੀ ਥਾਂ ਤੇ ਸੰਭਾਲ ਕੇ, ਇਸ ਸਾਰੇ ਉਜਾੜੇ ਨੂੰ ਵੇਖ ਕੇ ਮੁਰਝਾਉਣ ਦੀ ਬਜਾਏ ਮੁਸਕਰਾ ਕੇ ਕਹਿਣ ਲੱਗੇ;
‘ਭਲਾ ਹੋਇਆ ਮੇਰਾ ਚਰਖ਼ਾ ਟੁੱਟਾ ਜਿੰਦ ਅਜ਼ਾਬੋ ਛੁਟੀਂ!’

ਬਾਰ ਦੇ ਜੰਗਲਾਂ ਵਿਚ ਪ੍ਰੋਫ਼ੈਸਰ ਪੂਰਨ ਸਿੰਘ ਨੂੰ ਤਪਦਿਕ ਦੀ ਬੀਮਾਰੀ ਨੇ ਆਣ ਘੇਰਿਆ । ਇਲਾਜ ਵਾਸਤੇ ਇਨ੍ਹਾਂ ਨੂੰ ਦੇਹਰਾਦੂਨ ਲਿਆਂਦਾ ਗਿਆ। ਇਥੇ ਹੀ ਪੂਰਬ ਪੱਛਮ ਦਾ ਸੁਮੇਲ ਕਰਨ ਵਾਲਾ ਇਹ ਮਹਾਨ ਪੁਰਖ 31 ਮਾਰਚ 1931ਨੂੰ ਇਸ ਦੁਨੀ ਸੁਆਵੇ ਬਾਗ ਵਿਚੋਂ ਰੁਖਸਤ ਹੋ ਗਿਆ। ਇਹ ਖ਼ਬਰ ਜਦ ਭਾਈ ਵੀਰ ਸਿੰਘ ਹੁਣਾ ਨੂੰ ਮਿਲੀ ਤਾਂ ਉਨ੍ਹਾਂ ਦੇ ਬੋਲ ਸਨ ;

‘ਤੇਰੇ ਸੁਰਤ ਉਛਾਲੇ ਤੈਨੂੰ ਖਿਦੂ ਜਿਉਂ ਥੁੜਕਾਵਨ,
ਫ਼ਰਸ਼ੋਂ ਚੁਕ ਅਰਸ਼ ਵੱਲ ਤੇਰੇ ਹੰਭਲੇ ਪਏ ਮਰਾਵਨ।
ਕਿਸੇ ਉਛਾਲੇ ਸਮੇਂ ਅਰਸ਼ ਦੇ ਆ ਗਈ ਹਥ ਕਲਾਈ,
ਖਿਚ ਉਤਾਂਹ ਲਿਆ ਤੁਧੇ ਨੂੰ ਬਾਗ਼ ਆਪਣੇ ਲਾਵਨ।’

ਕਹਿੰਦੇ ਨੇ ਜਦ ਪ੍ਰੋਫ਼ੈਸਰ ਪੂਰਨ ਸਿੰਘ ਹੁਣਾ ਨੇ ਸਵਾਸ ਛੱਡੇ ਤਾਂ ਪੰਥ ਦੇ ਮਹਾਨ ਸੇਵਕ ਭਾਈ ਰਣਧੀਰ ਸਿੰਘ ਦਿੱਲੀ ਰਕਾਬਗੰਜ ਗੁਰਦੁਆਰੇ ਕੀਰਤਨ ਦੀ ਹਾਜ਼ਰੀ ਭਰ ਰਹੇ ਸਨ। ਅਚਾਨਕ ਇਨ੍ਹਾਂ ਨੇ ਵਾਜਾ ਛੱਡਿਆ ਤੇ ਖੜੋ ਕੇ ਅਰਦਾਸ ਕਰੀ ਗਏ। ਕੀਰਤਨ ਚੱਲਦਾ ਰਿਹਾ। ਜਦ ਸਮਾਪਤੀ ’ਤੇ ਸੰਗਤ ਨੇ ਕੀਰਤਨ ਵਿੱਚ ਖੜੇ ਹੋਣ ਦਾ ਕਾਰਨ ਪੁਛਿਆ ਤਾਂ ਇਹ ਕਹਿਣ ਲੱਗੇ ਕਿ ਪ੍ਰੋਫ਼ੈਸਰ ਪੂਰਨ ਸਿੰਘ ਹੁਣੀ ਪੂਰੇ ਹੋ ਗਏ ਹਨ, ਅਸੀਂ ਸਰੀਰਿਕ ਰੂਪ ਵਿਚ ਭਾਂਵੇ ਕਦੇ ਨਹੀਂ ਮਿਲੇ ਪਰ ਰੂਹਾਂ ਦਾ ਮਿਲਾਪ ਹਮੇਸ਼ਾ ਰਿਹਾ।

ਪ੍ਰੋਫ਼ੈਸਰ ਪੂਰਨ ਸਿੰਘ ਰਹਿੰਦੀ ਦੁਨੀਆਂ ਤੱਕ ਆਪਣੀਆਂ ਲਿਖਤਾਂ ਦੇ ਜ਼ਰੀਏ ਅਮਰ ਰਹਿਣਗੇ ਤੇ ਆਤਮ ਜਗਿਆਸੂਆਂ ਦੀ ਅਗਵਾਈ ਕਰਦੇ ਰਹਿਣਗੇ । ਉਨ੍ਹਾਂ ਦੀਆਂ ਲਿਖਤਾਂ ਅੰਗਰੇਜ਼ੀ , ਪੰਜਾਬੀ ਜ਼ੁਬਾਨ ਵਿੱਚ ਛਪੀਆਂ ਤੇ ਖਰੜਿਆਂ ਦੇ ਰੂਪ ਵਿੱਚ ਪਈਆਂ ਹਨ। ਥੱਲੇ ਦੋ ਤਸਵੀਰਾਂ ਵਿੱਚ ਉਨ੍ਹਾਂ ਰਚਨਾਵਾਂ ਦੇ ਨਾਮ ਨੇ ਜੋ ਛੱਪ ਚੁਕੀਆਂ ਹਨ ।

ਬਲਦੀਪ ਸਿੰਘ ਰਾਮੂੰਵਾਲੀਆ
17ਫਰਵਰੀ 2021

 
 


rajwinder kaur

Content Editor

Related News