ਸ਼ਹੀਦੀ ਜੋੜ ਮੇਲਿਆਂ ''ਤੇ ਰਾਜਨੀਤੀ ਕਰਨਾ ਚੰਗੀ ਗੱਲ ਨਹੀਂ : ਪ੍ਰੋ. ਸਾਧੂ ਸਿੰਘ

01/13/2018 5:51:22 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸ਼ਹੀਦੀ ਜੋੜ ਮੇਲਿਆਂ 'ਤੇ ਸ਼ਰਧਾਲੂ ਸ਼ਹੀਦਾਂ ਨੂੰ ਨਤਮਸਤਕ ਹੋਣ ਦੇ ਲਈ ਆਉਂਦੇ ਹਨ। ਅਜਿਹੇ ਸਥਾਨਾਂ 'ਤੇ ਰਾਜਨੀਤੀ ਕਰਨਾ ਚੰਗੀ ਗੱਲ ਨਹੀਂ ਹੈ। ਇਸ ਲਈ ਉਹ ਵੀ ਆਪਣੀ ਕਾਨਫਰੰਸ ਨਹੀਂ ਕਰ ਰਹੇ ਹਨ। ਇਹ ਗੱਲ ਸ਼ਨੀਵਾਰ ਨੂੰ ਫਰੀਦਕੋਟ ਦੇ ਐਮ.ਪੀ. ਪ੍ਰੋ. ਸਾਧੂ ਸਿੰਘ ਨੇ ਆਪ ਆਗੂ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਗੱਲਬਾਤ ਦੌਰਾਨ ਕਹੀ। ਉਹ ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿਚ ਲੱਗਣ ਵਾਲੇ ਮੇਲਾ ਮਾਘੀ 'ਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਆਏ ਹੋਏ ਸਨ। ਵਿਰੋਧੀ ਪਾਰਟੀਆਂ ਵੱਲੋਂ ਵਰਕਰਾਂ ਦੀ ਕਮੀ ਹੋਣ ਦੇ ਬਿਆਨ 'ਤੇ ਉਹਨਾਂ ਕਿਹਾ ਕਿ ਹੁਣ ਹਾਲਾਤ ਕਾਨਫਰੰਸ ਦੀ ਅਨੁਮਤੀ ਨਹੀਂ ਦਿੰਦੇ। ਰਾਜ ਸਭਾ ਦੇ ਤਿੰਨ ਮੈਂਬਰਾਂ ਦੇ ਹੋ ਰਹੇ ਵਿਰੋਧ 'ਤੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਆਪਣਾ ਫੈਸਲਾ ਹੈ। ਪਾਰਟੀ ਨੇ ਸਰਵਸੰਮਤੀ ਨਾਲ ਇਹਨਾਂ ਦੀ ਚੋਣ ਕੀਤੀ ਹੈ। ਜੇਕਰ ਇਕ ਦੋ ਵਿਅਕਤੀ ਵਿਰੋਧ ਕਰ ਰਹੇ ਹਨ ਤਾਂ ਉਨ੍ਹਾਂ ਦਾ ਕੁਝ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਉਹ ਪਾਰਲੀਮੈਂਟ ਦੇ ਸ਼ੁਰੂ ਹੋਣ ਵਾਲੇ ਬੱਜਟ ਸੈਸ਼ਨ 'ਚ ਛੋਟੇ ਵਪਾਰੀਆਂ, ਉਦਯੋਗਪਤੀਆਂ ਤੇ ਮੁਲਾਜ਼ਮਾਂ ਦੀ ਗੱਲ ਕਰਨਗੇ। ਕਾਰਪੋਰੇਟ ਘਿਰਾਣੇ ਦੇ ਹੱਕ 'ਚ ਬਿੱਲ ਪਾਸ ਕੀਤੇ ਜਾਂਦੇ ਹਨ। ਸਾਧੂ ਸਿੰਘ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਸਰਕਾਰ ਨੂੰ ਇਕ ਸਾਲ ਹੋਣ ਨੂੰ ਹੈ ਪਰ ਇਹ ਕਿਸੇ ਦਾ ਭਲਾ ਕਰਨ ਦੀ ਬਜਾਏ ਕੁਦਰਤੀ ਸਰੋਤ 'ਤੇ ਕਬਜ਼ਾ ਕਰੀ ਬੈਠੀ ਹੈ। ਇਥੋਂ ਤੱਕ ਕਿ ਨਾ ਤਾਂ ਕਿਸੇ ਨੂੰ ਨੌਕਰੀ ਦਿੱਤੀ ਗਈ ਹੈ ਨਾ ਮੋਬਾਇਲ। ਬਲਕਿ ਪਬਲਿਕ ਅਦਾਰੇ ਬੰਦ ਕਰਕੇ ਉਹਨਾਂ ਦੀ ਜ਼ਮੀਨ ਆਪਣੇ ਚਹੇਤਿਆਂ ਨੂੰ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿੰਨਾਂ ਦਾ ਉਹ ਲਗਾਤਾਰ ਵਿਰੋਧ ਕਰਨਗੇ। ਇਸ ਮੌਕੇ ਜਗਮੀਤ ਸਿੰਘ ਜੱਗਾ, ਬਾਬੂ ਸਿੰਘ ਧੀਮਾਨ, ਬਲਦੇਵ ਸਿੰਘ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ।