ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਹਵਾਲਾਤੀ ਕੋਲੋਂ ਮੋਬਾਇਲ ਬਰਾਮਦ

07/23/2018 5:54:42 AM

ਅੰਮ੍ਰਿਤਸਰ,  (ਅਰੁਣ)- ਫਤਿਹਗਡ਼੍ਹ ਚੂਡ਼ੀਅਾਂ ਬਾਈਪਾਸ ਪੁਲਸ ਚੌਕੀ ਵੱਲੋਂ ਬੀਤੇ ਦਿਨੀਂ ਕਾਰ ’ਚ ਬੈਠ ਕੇ ਹੈਰੋਇਨ ਪੀ ਰਹੇ ਗ੍ਰਿਫਤਾਰ 2 ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਨੂੰ ਹੈਰੋਇਨ ਸਪਲਾਈ ਕਰਨ ਵਾਲੇ ਜੇਲ ’ਚ ਬੰਦ ਇਕ ਹਵਾਲਾਤੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ, ਜਿਸ ਦੇ ਕਬਜ਼ੇ ’ਚੋਂ ਹੈਰੋਇਨ ਸਪਲਾਈ ਲਈ ਵਰਤਿਆ ਜਾਣ ਵਾਲਾ ਮੋਬਾਇਲ ਬਰਾਮਦ ਕੀਤਾ ਗਿਆ। ਜਾਣਕਾਰੀ ਦਿੰਦਿਆਂ ਫਤਿਹਗਡ਼੍ਹ ਚੂਡ਼ੀਆ ਚੌਕੀ ਇੰਚਾਰਜ ਏ. ਐੱਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਬੀਤੀ 16 ਜੁਲਾੲੀ ਨੂੰ ਕਾਰ ’ਚ ਹੈਰੋਇਨ ਪੀ ਰਹੇ ਮੁਲਜ਼ਮ ਰਣਬੀਰ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਬਟਾਲਾ ਤੇ ਉਸ ਦੇ ਸਾਥੀ ਅਮਨਪ੍ਰੀਤ ਸਿੰਘ ਪੁੱਤਰ ਮੁਖਵਿੰਦਰ ਸਿੰਘ ਵਾਸੀ ਗੁਰਦਾਸਪੁਰ ਨੂੰ ਕਾਬੂ ਕੀਤਾ ਗਿਆ ਸੀ।  ਪੁੱਛਗਿੱਛ ਦੌਰਾਨ ਗ੍ਰਿਫਤਾਰ ਮੁਲਜ਼ਮਾਂ ਨੇ ਮੰਨਿਆ ਕਿ ਹੈਰੋਇਨ ਜੇਲ ਵਿਚ ਬੰਦ ਹਵਾਲਾਤੀ ਸਾਗਰ ਪੁੱਤਰ ਤਰਸੇਮ ਸਿੰਘ ਵਾਸੀ ਗਵਾਲ ਮੰਡੀ ਵੱਲੋਂ ਫੋਨ ’ਤੇ ਵਟਸਅੈਪ ਰਾਹੀਂ ਆਪਣੇ ਕਿਸੇ ਕਰਿੰਦੇ ਦੇ ਹੱਥ ਭਿਜਵਾਈ ਗਈ ਸੀ। ਪੁਲਸ ਪਾਰਟੀ ਨੇ ਮੁਲਜ਼ਮ ਸਾਗਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਮਗਰੋਂ ਉਸ ਵੱਲੋਂ ਜੇਲ ਵਿਚ ਵਰਤਿਆ ਜਾਣ ਵਾਲਾ ਮੋਬਾਇਲ ਬਰਾਮਦ ਕਰ ਲਿਆ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਜੀਤ ਨੇ ਦੱਸਿਆ ਕਿ ਗਿਰੋਹ ਨਾਲ ਜੁਡ਼ੇ ਹੋਰ ਮੈਂਬਰਾਂ ਦੇ ਖੁਲਾਸੇ ਲਈ ਪੁਲਸ ਡੂੰਘਾਈ ਨਾਲ ਪੁੱਛਗਿੱਛ ਕਰੇਗੀ।