ਪੰਜਾਬ ''ਚ ਪਹਿਲੇ ਦਿਨ 2642 ਮੀਟ੍ਰਿਕ ਟਨ ਕਣਕ ਦੀ ਖ਼ਰੀਦ

04/11/2021 1:45:59 AM

ਚੰਡੀਗੜ੍ਹ, (ਅਸ਼ਵਨੀ)- ਆੜ੍ਹਤੀਆਂ ਦੇ ਨਾਲ ਤਣਾਤਣੀ ਵਿਚਾਲੇ ਪੰਜਾਬ ਵਿਚ ਪਹਿਲੇ ਦਿਨ ਕਣਕ ਦੀ ਖਰੀਦ ਹੋਈ। 2020 ਵਿਚ ਜਿਥੇ ਪਹਿਲੇ ਦਿਨ 3100 ਮੀਟ੍ਰਿਕ ਟਨ ਕਣਕ ਖਰੀਦੀ ਗਈ ਸੀ, ਉਥੇ ਹੀ ਸ਼ਨੀਵਾਰ ਨੂੰ ਪਹਿਲੇ ਦਿਨ ਸਰਕਾਰੀ ਏਜੰਸੀਆਂ ਵਲੋਂ 2642 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਸ਼ਨੀਵਾਰ ਨੂੰ ਖਰੀਦ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸੂਬੇ ਵਿਚ ਸਥਿਤ ਖ਼ਰੀਦ ਕੇਂਦਰਾਂ ਵਿਖੇ 2642 ਮੀਟ੍ਰਿਕ ਟਨ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਵਲੋਂ ਕੀਤੀ ਗਈ ਹੈ। ਪਨਗ੍ਰੇਨ ਵਲੋਂ 652 ਮੀਟ੍ਰਿਕ ਟਨ, ਮਾਰਕਫੈੱਡ ਵਲੋਂ 442 ਟਨ ਅਤੇ ਪਨਸਪ ਵਲੋਂ 818 ਟਨ ਕਣਕ ਖ਼ਰੀਦੀ ਗਈ ਹੈ, ਜਦਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 180 ਮੀਟ੍ਰਿਕ ਟਨ ਕਣਕ ਖ਼ਰੀਦੀ ਗਈ ਹੈ। ਕੇਂਦਰ ਸਰਕਾਰ ਦੀ ਏਜੰਸੀ ਐੱਫ਼.ਸੀ.ਆਈ. ਵੱਲੋਂ 10 ਮੀਟ੍ਰਿਕ ਟਨ ਕਣਕ ਖ਼ਰੀਦੀ ਗਈ ਹੈ। ਇਸ ਤੋਂ ਇਲਾਵਾ ਪਨਗ੍ਰੇਨ ਵਲੋਂ ਪੰਜਾਬ ਵਿਚ ਜਨਤਕ ਵੰਡ ਲਈ 540 ਮੀਟ੍ਰਿਕ ਟਨ ਕਣਕ ਵੀ ਖਰੀਦੀ ਗਈ ਹੈ।

Bharat Thapa

This news is Content Editor Bharat Thapa