ਕੋਟਕਪੂਰਾ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਵਿਰੋਧੀਆਂ ’ਤੇ ਕੀਤੇ ਵੱਡੇ ਸ਼ਬਦੀ ਹਮਲੇ, ਕੈਪਟਨ ਵੀ ਨਿਸ਼ਾਨੇ ’ਤੇ

02/13/2022 3:31:52 PM

ਕੋਟਕਪੂਰਾ (ਵੈੱਬ ਡੈਸਕ)— ਪੰਜਾਬ ਵਿਧਾਨ ਸਭਾ ਦੇ ਚੋਣ ਅਖ਼ਾੜੇ ’ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਪੰਜਾਬ ਫੇਰੀ ਦੌਰਾਨ ਕੋਟਕਪੂਰਾ ਵਿਖੇ ਪਹੁੰਚ ਚੁੱਕੇ ਹਨ। ਇਥੇ ਪਹੁੰਚਣ ’ਤੇ ਉਨ੍ਹਾਂ ਦਾ ਵਰਕਰਾਂ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਕੋਟਕਪੂਰਾ ਤੋਂ ਉਮੀਦਵਾਰ ਅਜੇਪਾਲ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਪ੍ਰਿਯੰਕਾ ਨੇ ਭਾਜਪਾ ’ਤੇ ਨਿਸ਼ਾਨੇ ਵਿੰਨ੍ਹੇ, ਉਥੇ ਹੀ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸੇ। ਉਨ੍ਹਾਂ ਕਿਹਾ ਕਿ 5 ਸਾਲਾ ਦੌਰਾਨ ਕੈਪਟਨ ਦੀ ਸਰਕਾਰ ’ਚ ਕੁਝ ਖਾਮੀਆਂ ਰਹੀਆਂ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਿੱਲੀ ਤੋਂ ਭਾਜਪਾ ਚਲਾ ਰਹੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ’ਚ ਬਹੁਤ ਕੁਝ ਕੀਤਾ ਹੈ। ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਨਾਲ-ਨਾਲ ਬਿਜਲੀ ਦੇ ਬਿੱਲ ਵੀ ਮੁਆਫ਼ ਕੀਤੇ ਹਨ। 

ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਪੰਜਾਬੀਆਂ ਦੀਆਂ ਭਾਵਨਾਵਾਂ ਸਮਝ ਸਕਦੀ ਹਾਂ। ਪੰਜਾਬੀਆਂ ਦੀ ਖ਼ੁਦਾਰੀ ਅਤੇ ਮਿਹਨਤ ਕਰਨ ਦੀ ਭਾਵਨਾ ਅਤੇ ਸੇਵਾ ਦੀ ਭਾਵਨਾ ਨੂੰ ਮੈਂ ਚੰਗੀ ਤਰ੍ਹਾਂ ਸਮਝ ਸਕਦੀ ਹਾਂ। ਕਿਸਾਨ ਅੰਦੋਲਨ ਅਤੇ ਲਖੀਮਪੁਰ ਖੀਰੀ ਦੇ ਕਾਂਡ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਅੰਦਰ ਸੇਵਾ ਦੀ ਭਾਵਨਾ ਵਾਰ-ਵਾਰ ਵੇਖੀ ਗਈ, ਇਹੀ ਕਿਸਾਨਾਂ ਦੀ ਪੰਜਾਬੀਅਤ ਹੈ। ਕਿੰਨੇ ਕਿਸਾਨ ਸ਼ਹੀਦ ਹੋਏ ਪਰ ਕਿਸਾਨ ਕਦੇ ਪਿੱਛੇ ਨਹੀਂ ਹਟੇ। ਤੁਸੀਂ ਕਦੇ ਵੀ ਕਿਸੇ ਦੇ ਸਾਹਮਣੇ ਨਹੀਂ ਝੁਕੇ। ਇਹੀ ਪੰਜਾਬੀਆਂ ਦੀ ਪੰਜਾਬੀਅਤ ਹੈ ਕਿ ਉਹ ਕਿਸੇ ਦੇ ਸਾਹਮਣੇ ਝੁਕਦੇ ਨਹੀਂ ਹਨ। ਮੈਂ ਲਖੀਮਪੁਰ ਖੀਰੀ ਗਈ, ਜਿੱਥੇ 6 ਕਿਸਾਨਾਂ ਨੂੰ ਕੁਚਲਿਆ ਗਿਆ, ਉਥੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੀ ਤਾਂ ਬੇਹੱਦ ਦੁਖ਼ ਹੋਇਆ। ਵਿਧਵਾ ਔਰਤਾਂ ਵੀ ਨਹੀਂ ਝੁੱਕੀਆਂ ਅਤੇ ਹੱਕ ਦੀ ਲੜਾਈ ਲੜਦੀਆਂ ਰਹੀਆਂ ਹਨ। ਕਿਸਾਨਾਂ ਨੇ ਕਿੰਨਾ ਸੰਘਰਸ਼ ਕੀਤਾ ਪਰ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਦੀ  ਆਵਾਜ਼ ਨਹੀਂ ਸੁਣੀ। 

ਇਹ ਵੀ ਪੜ੍ਹੋ: ਇੰਟਰਨੈਸ਼ਨਲ ਡਰੱਗ ਰੈਕੇਟ ਮਾਮਲਾ: ਸਾਬਕਾ ACP ਬਿਮਲਕਾਂਤ ਦੇ ਸਾਥੀ ਜੀਤਾ ਮੌੜ ਦੇ ਘਰੋਂ ਮਿਲੀ ਲੱਖਾਂ ਦੀ ਨਕਦੀ

‘ਆਪ’ ’ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਦਿੱਲੀ ਦੀ ਅਸਲੀਅਤ ਵੀ ਭਾਜਪਾ ਦੀ ਸਰਕਾਰ ਵਾਂਗ ਹੀ ਹੈ। ਜਿਵੇਂ ਗੁਜਰਾਤ ਦਾ ਮਾਡਲ ਸਿਰਫ਼ ਕਾਗਜ਼ਾਂ ’ਚ ਸੀ, ਉਸੇ ਤਰ੍ਹਾਂ ਹੀ ਦਿੱਲੀ ਸਰਕਾਰ ਦਾ ਮਾਡਲ ਵੀ ਸਿਰਫ਼ ਵਿਗਿਆਪਨਾਂ ’ਚ ਹੀ ਹੈ। ਦਿੱਲੀ ’ਚ ਸਿਹਤ ਦੇ ਨਾਂ ’ਤੇ ਜਾਂ ਫਿਰ ਸਕੂਲਾਂ ਬਾਰੇ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਇਕ ਵਾਰੀ ਦਿੱਲੀ ਆ ਕੇ ਵੇਖਣ ਕਿ ਦਿੱਲੀ ਦੇ ਲੋਕ ਕਿਵੇਂ ਜੀਅ ਰਹੇ ਹਨ। 

ਇਥੇ ਲੋਕਾਂ ਨੂੰ ਸੰਬੋਧਨ ਕਰਨ ਉਪਰੰਤ ਧੂਰੀ ਦੀਆਂ ਔਰਤਾਂ ਦੇ ਨਾਲ ਰੂ-ਬ-ਰੂ ਹੋਣ ਤੋਂ ਬਾਅਦ ਉਹ ਡੇਰਾਬੱਸੀ ਰੋਡ ਸ਼ੋਅ ਕਰਨਗੇ। ਉਥੇ ਹੀ ਸ਼ਾਮ ਢੱਲਦੇ-ਢੱਲਦੇ ਉਹ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋ ਜਾਣਗੇ। ਇਥੇ ਇਹ ਵੀ ਦੱਸਣਯੋਗ ਹੈ ਕਿ 40 ਸਾਲਾਂ ਮਗਰੋਂ ਗਾਂਧੀ ਪਰਿਵਾਰ ਦੀ ਕੋਟਕਪਰਾ ’ਚ ਰੈਲੀ ਕੀਤੀ ਗਈ ਹੈ। ਸਾਲ 1988 ’ਚ ਇੰਦਰਾ ਗਾਂਧੀ ਨੇ ਰੈਲੀ ਕੀਤੀ ਸੀ ਅਤੇ ਜਵਾਹਰ ਲਾਲ ਨਹਿਰੂ ਵੀ ਕੋਟਕਪੂਰਾ ਵਿਖੇ ਆ ਚੁੱਕੇ ਹਨ। 

ਇਹ ਵੀ ਪੜ੍ਹੋ: ਕਪੂਰਥਲਾ: 7 ਸਾਲਾ ਬੱਚੀ ਨਾਲ ਕੀਤਾ ਸੀ ਜਬਰ-ਜ਼ਿਨਾਹ, ਇਕ ਸਾਲ ਦੇ ਅੰਦਰ ਦੋਸ਼ੀ ਨੂੰ ਸੁਣਾਈ ਫਾਂਸੀ ਦੀ ਸਜ਼ਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri