ਪ੍ਰਿਯੰਕਾ ਦੀ ਐਂਟਰੀ ਨਾਲ ਇੰਦਰਾ ਗਾਂਧੀ ਯੁੱਗ ਦਾ ਮੁੜ ਹੋਵੇਗਾ ਆਗਾਜ਼ : ਕਾਂਗਰਸ

01/24/2019 9:59:03 AM

ਜਲੰਧਰ (ਚੋਪੜਾ) - ਲੰਮੀ ਉਡੀਕ ਤੋਂ ਬਾਅਦ ਗਾਂਧੀ ਪਰਿਵਾਰ ਦੀ ਤੀਜੀ ਪੀੜ੍ਹੀ ਦੀ ਮੈਂਬਰ ਪ੍ਰਿਯੰਕਾ ਗਾਂਧੀ ਵਢੇਰਾ ਦਾ ਦੇਸ਼ ਦੀ ਸਿਆਸਤ 'ਚ ਸਰਗਰਮ ਤੌਰ 'ਤੇ ਉੱਤਰਨ ਦਾ ਐਲਾਨ ਹੋ ਗਿਆ। ਕਾਂਗਰਸ ਪਾਰਟੀ ਨੇ ਪ੍ਰਿਯੰਕਾ ਗਾਂਧੀ ਨੂੰ ਜਨਰਲ ਸਕੱਤਰ ਬਣਾਇਆ ਹੈ ਅਤੇ ਉਨ੍ਹਾਂ ਨੂੰ ਪੂਰਬੀ ਉਤਰ ਪ੍ਰਦੇਸ਼ ਦੀ ਇੰਚਾਰਜੀ ਸੌਂਪੀ ਗਈ ਹੈ। ਕਾਂਗਰਸ ਦੇ ਇਸ ਫੈਸਲੇ ਤੋਂ ਬਾਅਦ ਵਰਕਰਾਂ 'ਚ ਭਰਪੂਰ ਜੋਸ਼ ਦੇਖਣ ਨੂੰ ਮਿਲਿਆ ਹੈ। ਇਸ ਸੰਦਰਭ 'ਚ ਕਾਂਗਰਸੀ  ਵਿਧਾਇਕਾਂ ਤੇ ਆਗੂਆਂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਇਸ ਫੈਸਲੇ ਦੀ  ਸ਼ਲਾਘਾ ਕਰਦਿਆਂ ਇਸ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਸਟਰ ਸਟਰੋਕ ਦੱਸਦਿਆਂ  ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ  ਹੈ, ਜਿਸ ਦਾ ਵੇਰਵਾ ਇਸ ਤਰ੍ਹਾਂ ਹੈ।

ਪ੍ਰਿਯੰਕਾ 'ਚ ਹਮੇਸ਼ਾ ਇੰਦਰਾ ਗਾਂਧੀ ਦਾ ਅਕਸ ਨਜ਼ਰ ਆਉਂਦੈ : ਅਵਤਾਰ ਹੈਨਰੀ
ਪੰਜਾਬ  ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਅਵਤਾਰ ਹੈਨਰੀ ਨੇ  ਦੱਸਿਆ ਕਿ ਪ੍ਰਿਯੰਕਾ ਗਾਂਧੀ ਵਢੇਰਾ ਦੇ ਸਰਗਰਮ ਸਿਆਸਤ 'ਚ ਸ਼ਾਮਲ ਹੋਣ ਨਾਲ ਦੇਸ਼ ਵਿਚ  ਇੰਦਰਾ ਗਾਂਧੀ ਯੁੱਗ ਦਾ ਆਗਾਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਵਿਚ ਤਾਂ ਹਮੇਸ਼ਾ  ਹੀ ਸਵ. ਇੰਦਰਾ ਗਾਂਧੀ ਦਾ ਅਕਸ ਨਜ਼ਰ ਆਉਂਦਾ ਹੈ। ਪ੍ਰਿਯੰਕਾ ਆਪਣੇ ਭਰਾ ਰਾਹੁਲ ਨਾਲ ਮਿਲ  ਕੇ ਜਿੱਥੇ ਕਾਂਗਰਸ ਨੂੰ ਬੁਲੰਦੀਆਂ 'ਤੇ ਲੈ ਕੇ ਜਾਵੇਗੀ ਉਥੇ ਕੇਂਦਰ 'ਚ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੇ ਰਾਜ ਵਿਚ ਦੇਸ਼ ਵਿਚ ਪੈਦਾ ਹੋਏ ਅਰਾਜਕਤਾ ਦੇ ਮਾਹੌਲ ਦਾ ਖਾਤਮਾ ਕਰਨ  ਵਿਚ ਸਹਾਇਕ ਸਾਬਤ ਹੋਵੇਗੀ। 
ਵਰਕਰਾਂ ਦੀ ਪੁਰਾਣੀ ਮੰਗ ਹੋਈ ਪੂਰੀ : ਰਜਿੰਦਰ ਬੇਰੀ
ਸੈਂਟਰਲ  ਵਿਧਾਨ ਸਭਾ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਪ੍ਰਿਯੰਕਾ ਦੇ ਕੌਮੀ ਜਨਰਲ  ਸਕੱਤਰ ਬਣਨ ਨਾਲ ਕਾਂਗਰਸੀ ਵਰਕਰਾਂ ਦੀ ਵਰ੍ਹਿਆਂ ਪੁਰਾਣੀ ਮੰਗ ਪੂਰੀ ਹੋ ਗਈ ਹੈ, ਕਿਉਂਕਿ  ਦੇਸ਼ ਭਰ ਦੇ ਵਰਕਰ ਲੰਮੇ ਸਮੇਂ ਤੋਂ ਪ੍ਰਿਯੰਕਾ ਗਾਂਧੀ ਨੂੰ ਪਾਰਟੀ ਵਿਚ ਵੱਡੀ ਜ਼ਿੰਮੇਵਾਰੀ  ਸੌਂਪੇ ਜਾਣ ਦੀ ਮੰਗ ਕਰਦੇ ਰਹੇ ਹਨ। ਪ੍ਰਿਯੰਕਾ ਦੀ ਖਾਸੀਅਤ ਹੈ ਕਿ ਉਹ ਆਮ ਜਨਤਾ ਤੇ  ਵਰਕਰਾਂ ਨਾਲ ਬੇਹਤਰ ਰਾਬਤਾ ਕਾਇਮ ਕਰਨ 'ਚ ਮਾਹਿਰ ਹੈ। ਹੁਣ ਦੇਸ਼ ਦਾ ਯੂਥ ਕਾਂਗਰਸ ਦੀ  ਸੋਚ ਨਾਲ ਵੱਧ ਤੋਂ ਵੱਧ ਜੁੜੇਗਾ ਤੇ ਫਿਰਕਾਪ੍ਰਸਤ ਤਾਕਤਾਂ ਦਾ ਸਫਾਇਆ ਕਰਨ ਵਿਚ ਆਪਣੀ ਅਹਿਮ  ਭੂਮਿਕਾ ਨਿਭਾਏਗਾ। 
ਪ੍ਰਿਯੰਕਾ ਦੀ ਐਂਟਰੀ ਨਾਲ ਭਾਜਪਾ ਖੇਮੇ 'ਚ ਪਿਆ ਭੜਥੂ : ਬਾਵਾ ਹੈਨਰੀ
ਨਾਰਥ  ਵਿਧਾਨ ਸਭਾ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨੇ ਦੱਸਿਆ ਕਿ ਪ੍ਰਿਯੰਕਾ ਗਾਂਧੀ ਦੀ ਐਂਟਰੀ  ਨਾਲ ਭਾਜਪਾ ਖੇਮੇ ਵਿਚ ਭੜਥੂ ਪੈ ਗਿਆ ਹੈ ਅਤੇ ਇਸ ਕਾਰਨ ਭਾਜਪਾ ਆਗੂ ਰਾਹੁਲ ਗਾਂਧੀ ਨੂੰ  ਫਲਾਪ ਕਹਿ ਕੇ ਆਪਣੀ ਘਬਰਾਹਟ ਅਤੇ ਸੌੜੀ ਸੋਚ ਦਾ ਸਬੂਤ ਦੇ ਰਹੇ ਹਨ, ਜਦ ਕਿ ਮੋਦੀ ਸਰਕਾਰ  ਦੇ ਤਾਨਾਸ਼ਾਹੀ ਫੈਸਲਿਆਂ ਤੋਂ ਦੁਖੀ ਜਨਤਾ ਨੇ ਵਿਧਾਨ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਦੀ  ਅਗਵਾਈ ਵਿਚ ਪੰਜਾਬ ਤੋਂ ਬਾਹਰ 3 ਸੂਬਿਆਂ ਵਿਚ ਕਾਂਗਰਸ ਦੀ ਸਰਕਾਰ ਬਣਾ ਕੇ ਭਾਜਪਾ ਨੂੰ  ਮੂੰਹ-ਤੋੜਵਾਂ ਜਵਾਬ ਦਿੱਤਾ ਹੈ।
ਯੂ. ਪੀ. ਹੀ ਨਹੀਂ, ਸਗੋਂ ਦੇਸ਼ ਭਰ 'ਚ ਕਾਂਗਰਸ ਨੂੰ ਹੋਵੇਗਾ ਫਾਇਦਾ : ਸੁਸ਼ੀਲ ਰਿੰਕੂ
ਵੈਸਟ  ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਯੂ.  ਪੀ. ਦੀ ਇੰਚਾਰਜੀ ਸੌਂਪੀ ਗਈ ਹੈ ਪਰ ਸਰਗਰਮ ਸਿਆਸਤ ਵਿਚ ਉਨ੍ਹਾਂ ਦੀ ਮੌਜੂਦਗੀ ਨਾਲ  ਕਾਂਗਰਸ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿਚ ਸਿਰਫ ਯੂ. ਪੀ. ਹੀ ਨਹੀਂ, ਸਗੋਂ ਦੇਸ਼ ਭਰ ਵਿਚ  ਲਾਭ ਮਿਲੇਗਾ। ਵਿਧਾਇਕ ਰਿੰਕੂ ਨੇ ਕਿਹਾ ਕਿ ਦੇਸ਼ ਵਿਚ ਅੱਜ ਭਾਵੇਂ 13 ਫੀਸਦੀ ਨੌਜਵਾਨ  ਵੋਟਰ ਹਨ ਅਤੇ ਆਪਣੀ ਦਿਲਖਿੱਚਵੀਂ ਸ਼ਖਸੀਅਤ ਕਾਰਨ ਪ੍ਰਿਯੰਕਾ ਨੌਜਵਾਨ ਵਰਗ ਵਿਚ ਬੇਹੱਦ  ਹਰਮਨਪਿਆਰੀ ਹੈ। ਕਾਂਗਰਸ ਵਿਚ ਸਰਗਰਮ ਤੌਰ 'ਤੇ ਜ਼ਿੰਮੇਵਾਰੀ ਸੰਭਾਲਣ ਨਾਲ ਨੌਜਵਾਨ ਵਰਗ  ਖਾਸ ਤੌਰ 'ਤੇ ਔਰਤ ਵੋਟਰਾਂ ਪਾਰਟੀ ਨਾਲ ਜੁੜਨਗੀਆਂ। 
ਪ੍ਰਿਯੰਕਾ  ਦੀ ਯੋਗ  ਅਗਵਾਈ ਨਾਲ ਕਾਂਗਰਸ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਵੇਗੀ : ਬਲਦੇਵ ਸਿੰਘ ਦੇਵ
ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਦੇ ਜਨਰਲ  ਸਕੱਤਰ ਬਣ ਕੇ ਸਰਗਰਮ ਤੌਰ 'ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਫੈਸਲੇ ਨਾਲ ਵਰਕਰਾਂ ਦਾ  ਮਨੋਬਲ ਵਧਿਆ ਹੈ ਅਤੇ ਹੁਣ ਰਾਹੁਲ ਤੇ ਪ੍ਰਿਯੰਕਾ ਦੋਵੇਂ ਭੈਣ-ਭਰਾ ਕੇਂਦਰ ਸਰਕਾਰ ਖਿਲਾਫ  ਮੋਰਚਾਬੰਦੀ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਮੁਸ਼ਕਲਾਂ ਖੜ੍ਹੀਆਂ ਕਰਨਗੇ। ਪ੍ਰਿਯੰਕਾ ਗਾਂਧੀ ਦੀ ਯੋਗ  ਅਗਵਾਈ ਨਾਲ ਕਾਂਗਰਸ ਪਹਿਲਾਂ ਨਾਲੋਂ ਜ਼ਿਅਦਾ ਮਜ਼ਬੂਤ ਹੋ ਕੇ ਉਭਰੇਗੀ।
ਮੋਦੀ ਨੂੰ 'ਕਾਂਗਰਸ ਯੁਕਤ' ਭਾਰਤ ਨਜ਼ਰ ਆਵੇਗਾ : ਸੁਖਵਿੰਦਰ ਲਾਲੀ
ਜ਼ਿਲਾ  ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਦੇਸ਼ ਦੇ ਹੰਕਾਰੀ  ਪ੍ਰਧਾਨ ਮੰਤਰੀ ਮੋਦੀ ਦਾ ਕਾਂਗਰਸ ਮੁਕਤ ਭਾਰਤ ਦੇਖਣ ਦਾ ਸੁਪਨਾ ਸੀ ਜੋ ਪ੍ਰਿਯੰਕਾ ਜਿਹੀ  ਤੇਜ਼-ਤਰਾਰ ਆਗੂ ਦੇ ਆਉਣ ਤੋਂ ਬਾਅਦ ਟੁੱਟ ਜਾਵੇਗਾ ਤੇ ਜਲਦੀ ਹੀ ਪ੍ਰਧਾਨ ਮੰਤਰੀ ਮੋਦੀ  ਨੂੰ ਕਾਂਗਰਸ ਯੁਕਤ ਭਾਰਤ ਨਜ਼ਰ ਆਵੇਗਾ। ਦੇਸ਼ ਵਾਸੀ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਕਿ  ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਕਾਂਗਰਸ ਨੂੰ ਸੱਤਾ ਵਿਚ ਲਿਆਉਣਾ ਬੇਹੱਦ ਜ਼ਰੂਰੀ ਹੈ।

rajwinder kaur

This news is Content Editor rajwinder kaur