ਲੌਂਗੋਵਾਲ ਵੈਨ ਹਾਦਸੇ ਤੋਂ ਵੀ ਨਹੀਂ ਸਿੱਖਿਆ ਨਿੱਜੀ ਸਕੂਲਾਂ ਨੇ ਸਬਕ

02/17/2020 5:41:32 PM

ਵਲਟੋਹਾ (ਗੁਰਮੀਤ ਸਿੰਘ) : ਬੀਤੇ ਦਿਨੀਂ ਲੌਂਗੋਵਾਲ ਵਿਖੇ ਸਕੂਲੀ ਵੈਨ 'ਚ ਭਿਆਨਕ ਅੱਗ ਲੱਗ ਜਾਣ ਨਾਲ ਮੌਤ ਦੇ ਮੂੰਹ ਵਿਚ ਗਏ 4 ਮਾਸੂਮ ਬੱਚਿਆਂ ਦੀ ਮੌਤ ਨੇ ਜਿੱਥੇ ਮਾਪਿਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉਥੇ ਹੀ ਮਾਪਿਆਂ ਨੂੰ ਹੁਣ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਸਮੇਂ ਚਿੰਤਾ ਲੱਗੀ ਰਹਿੰਦੀ ਹੈ। ਮੋਟੀਆਂ ਫੀਸਾਂ ਉਗਰਾਹੁਣ ਦੇ ਬਾਵਜੂਦ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਇਸ ਦਰਦਨਾਕ ਹਾਦਸੇ ਤੋਂ ਅਜੇ ਵੀ ਸਬਕ ਨਹੀਂ ਸਿਖਿਆ। ਸਗੋਂ ਇਹ ਨਿੱਜੀ ਸਕੂਲਾਂ ਵਾਲੇ ਪ੍ਰਸ਼ਾਸਨ ਦੀਆਂ ਅੱਖਾਂ 'ਚ ਘੱਟਾ ਪਾ ਕੇ ਆਪਣਾ ਗੌਰਖ ਧੰਦਾ ਬਾਦਸਤੂਰ ਚਲਾ ਰਹੇ ਹਨ।
ਅਜਿਹੀ ਹੀ ਇਕ ਮਿਸਾਲ ਸਰਹੱਦੀ ਕਸਬਾ ਵਲਟੋਹਾ ਸਥਿਤ ਸੇਂਟ ਕਬੀਰ ਕੋਨਵੈਂਟ ਡੇਅ ਬੋਰਡਿੰਗ ਸਕੂਲ ਵੱਲੋਂ ਕੀਤੀ ਚਲਾਕੀ ਤੋਂ ਸਾਹਮਣੇ ਆਈ ਹੈ।

ਪ੍ਰਸ਼ਾਸਨ ਨੇ ਹਰਕਤ 'ਚ ਆਉਂਦਿਆਂ ਮਿਆਦ ਪੁੱਗ ਚੁੱਕੇ ਵਾਹਨਾਂ ਨੂੰ ਬੰਦ ਕਰਨ ਦੀ ਮੁਹਿੰਮ ਚਲਾਈ ਹੈ ਅਤੇ ਸਬੰਧਤ ਵਿਭਾਗ ਵੱਲੋਂ ਵੱਖ-ਵੱਖ ਸਕੂਲਾਂ 'ਚ ਬੱਸਾਂ ਦੀ ਚੈਕਿੰਗ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਕਾਰਵਾਈ ਤੋਂ ਡਰਦਿਆਂ ਸਥਾਨਕ ਸੇਂਟ ਕਬੀਰ ਕੋਨਵੈਂਟ ਡੇਅ ਬੋਰਡਿੰਗ ਸਕੂਲ ਦੇ ਪ੍ਰਬੰਧਕਾਂ ਨੇ ਆਪਣੀਆਂ ਬੱਸਾਂ ਸਕੂਲ 'ਚ ਖੜੀਆਂ ਕਰਨ ਦੀ ਬਜਾਏ ਗੁਰਦੁਆਰਾ ਬਾਬਾ ਭਾਈ ਝਾੜੂ ਸਾਹਿਬ ਵਲਟੋਹਾ ਵਿਖੇ ਖੜ੍ਹੀਆਂ ਕਰ ਦਿੱਤੀਆਂ ਹਨ। ਛੁੱਟੀ ਦੇ ਸਮੇਂ ਡਰਾਈਵਰ ਸਕੂਲ ਅੱਗੇ ਆ ਕੇ ਬੱਚਿਆਂ ਨੂੰ ਬਿਠਾ ਕੇ ਲੈ ਜਾਂਦੇ ਹਨ, ਜਿਸ ਦਾ ਪਿੰਡ ਵਾਸੀਆਂ ਨੇ ਪੁਰਜ਼ੋਰ ਵਿਰੋਧ ਕੀਤਾ ਹੈ। ਪਿੰਡ ਵਾਸੀਆਂ ਗੁਰਪ੍ਰੀਤ ਸਿੰਘ ਵਲਟੋਹਾ, ਇਕਬਾਲ ਸਿੰਘ ਆਦਿ ਨੇ ਕਿਹਾ ਕਿ ਸਕੂਲ ਦੀਆਂ ਇਹ ਬੱਸਾਂ ਬਹੁਤ ਪੁਰਾਣੀਆਂ ਹਨ ਅਤੇ ਕਈਆਂ ਬੱਸਾਂ ਦੀ ਤਾਂ ਮਿਆਦ ਵੀ ਲੰਘ ਚੁੱਕੀ ਹੈ ਪਰ ਸਕੂਲ ਵਾਲੇ ਆਪਣੇ ਨਿੱਜੀ ਮੁਫ਼ਾਦਾਂ ਲਈ ਮਾਸੂਮਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਤਰਨਤਾਰਨ ਤੋਂ ਮੰਗ ਕੀਤੀ ਕਿ ਮਿਆਦ ਪੁੱਗ ਚੁੱਕੀਆਂ ਬੱਸਾਂ ਅਤੇ ਕੰਡਮ ਹੋ ਚੁੱਕੇ ਵਾਹਨਾਂ ਨੂੰ ਪੱਕੇ ਤੌਰ 'ਤੇ ਬੰਦ ਕੀਤਾ ਜਾਵੇ ਅਤੇ ਨਾਲ ਹੀ ਅਜਿਹੇ ਲਾਲਚੀ ਸਕੂਲ ਪ੍ਰਬੰਧਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇ ਤਾਂ ਜੋ ਲੌਂਗੋਵਾਲ ਵਰਗਾ ਦਰਦਨਾਕ ਹਾਦਸਾ ਹੋਰ ਨਾ ਵਾਪਰ ਸਕੇ।

ਇਸ ਸਬੰਧੀ ਜਦੋਂ ਸੇਂਟ ਕਬੀਰ ਕੋਨਵੈਂਟ ਡੇਅ ਬੋਰਡਿੰਗ ਸਕੂਲ ਦੇ ਚੇਅਰਮੈਨ ਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਲੌਂਗੋਵਾਲ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਸਖਤ ਕਾਰਵਾਈ ਕੀਤੀ ਹੋਈ ਹੈ। ਜਿਸ ਕਰਕੇ ਵਾਹਨਾਂ ਦੀ ਚੈਕਿੰਗ ਦੇ ਚੱਲਦਿਆਂ ਉਨ੍ਹਾਂ ਨੇ ਆਪਣੀਆਂ ਗੱਡੀਆਂ ਗੁਰਦੁਆਰਾ ਸਾਹਿਬ 'ਚ ਖੜ੍ਹੀਆਂ ਕੀਤੀਆਂ ਹਨ।

ਉਧਰ ਸਬ ਡਿਵੀਜ਼ਨ ਪੱਟੀ ਦੇ ਐੱਸ. ਡੀ. ਐੱਮ. ਨਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸੇਫ ਵਾਹਨ ਮੁਹਿੰਮ ਅਧੀਨ ਪ੍ਰਸ਼ਾਸਨ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਅੱਜ 8 ਗੱਡੀਆਂ ਬੰਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਕੂਲ ਪ੍ਰਬੰਧਕ ਅਜੇ ਵੀ ਕਬਾੜਾ ਵਾਹਨਾਂ ਦਾ ਇਸਤੇਮਾਲ ਬੱਚਿਆਂ ਦੀ ਢੋਆ ਢੁਆਈ ਲਈ ਕਰ ਰਹੇ ਹਨ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਸਬੰਧੀ ਪੁਲਸ ਚੌਕੀ ਘਰਿਆਲਾ ਦੇ ਇੰਚਾਰਜ ਸਬ ਇੰਸਪੈਕਟਰ ਰੇਨੂੰ ਬਾਲਾ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਸਕੂਲਾਂ 'ਚ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਸਕੂਲ ਵੱਲੋਂ ਕੰਡਮ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਪਾਈ ਗਈ ਤਾਂ ਸਬੰਧਤ ਸਕੂਲ ਖਿਲਾਫ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ।


 

Anuradha

This news is Content Editor Anuradha