ਜੈਤੋ ਦੇ ਪ੍ਰਾਈਵੇਟ ਸਕੂਲ ’ਚੋਂ ਲਏ ਗਏ ਨਮੂਨਿਆਂ ’ਚੋਂ 7 ਆਏ ਪਾਜ਼ੇਟਿਵ, ਪੰਜ ਦਿਨਾਂ ਲਈ ਸਕੂਲ ਬੰਦ

04/10/2021 5:41:34 PM

ਜੈਤੋ (ਗੁਰਮੀਤਪਾਲ ਸ਼ਰਮਾ) : ਲੋਕਾਂ ਨੂੰ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਭਾਵੇਂ ਸਿਹਤ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਟੀਕੇ ਲਗਾਏ ਜਾ ਰਹੇ ਹਨ ਪਰ ਫ਼ਿਰ ਵੀ ਸਥਾਨਕ ਸ਼ਹਿਰ ਜੈਤੋ ਵਿਚ ਕੋਵਿਡ-19 ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਜੈਤੋ ਵਿਚ ਪਿਛਲੇ ਦਿਨ ਇਕ ਗਲੀ ਵਿਚੋਂ 8 ਲੋਕਾਂ ਦੀ ਰਿਪੋਰਟ ਪਾਜ਼ੇਵਿਟ ਆਈ ਸੀ। ਜਿਸ ਕਾਰਣ ਉਸ ਗਲੀ ਨੂੰ ਪੂਰਨ ਤੌਰ ’ਤੇ ਸੀਲ ਕਰ ਦਿੱਤਾ ਗਿਆ ਸੀ ਪਰ ਕੱਲ ਸ਼ਾਮ ਦੀ ਰਿਪੋਟ ਦੌਰਾਨ ਜੈਤੋ ਸ਼ਹਿਰ 9 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।

ਡਾਕਟਰ ਵਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰਸਵਤੀ ਸਕੂਲ ਵਿਚੋਂ ਕੀਤੇ ਗਏ ਸੈਪਲਿੰਗ ਵਿਚੋਂ 7 ਅਤੇ 2 ਸ਼ਹਿਰੀ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਡਾਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿਚ ਲੋਕਾਂ ਦੀ ਸੈਪਲਿੰਗ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਅੱਜ 160 ਦੇ ਕਰੀਬ ਲੋਕਾਂ ਦੇ ਸੈਂਪਲ ਲਏ ਗਏ ਹਨ।

ਸਰਸਵਤੀ ਸਕੂਲ ਦੀ ਪ੍ਰਿੰਸੀਪਲ ਕੁਸਮ ਕਾਲੜਾ ਨੇ ਕਿਹਾ ਕਿ ਸਕੂਲ ਦੇ ਸਾਰੇ ਸਟਾਫ਼ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਕੁਝ ਦੀਆਂ ਰਿਪੋਰਟਾਂ ਪਾਜ਼ੇਵਿਟ ਆਉਣ ਕਾਰਣ, ਅਸੀ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਸਕੂਲ ਦੇ ਅਧਿਆਪਕ ਸਟਾਫ਼ ਅਤੇ ਸਕੂਲ ਵਿਚ ਕਰਨ ਵਾਲੇ ਲੋਕਾਂ ਆਪਣੇ ਆਪ ਨੂੰ ਇਕਾਂਤਵਾਸ ਕਰਨ ਨੂੰ ਕਹਿ ਦਿੱਤਾ ਗਿਆ ਹੈ। ਸਕੂਲ ਨੂੰ ਪੰਜ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਦੱਸਣਯੋਗ ਹੈ ਕਿ ਸਬ ਡਵੀਜ਼ਨ ਜੈਤੋ ਵਿਚ ਕੋਰੋਨਾ ਕਾਰਣ ਤਿੰਨ ਮੌਤਾਂ ਹੋ ਚੁੱਕੀਆਂ ਹਨ।

Gurminder Singh

This news is Content Editor Gurminder Singh