ਸਜ਼ਾ ਸੁਣਦੇ ਹੀ ਕੈਦੀ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ (ਵੀਡੀਓ)

05/26/2017 1:54:18 PM

ਗੁਰਦਾਸਪੁਰ, (ਵਿਨੋਦ, ਦੀਪਕ) - ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਨ ਤੋਂ ਬਾਅਦ ਇਕ ਦੋਸ਼ੀ ਨੇ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਗੰਭੀਰ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। 
ਜਾਣਕਾਰੀ ਅਨੁਸਾਰ ਪਿੰਡ ਵਰਿਆਮ ਨੰਗਲ ਵਾਸੀ ਨਿਰਵੈਰ ਸਿੰਘ ਪੁੱਤਰ ਜਸਮੇਰ ਸਿੰਘ ਦੇ ਖਿਲਾਫ਼ ਸਾਲ 2014 'ਚ ਬਟਾਲਾ ਪੁਲਸ ਨੇ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕੀਤਾ ਸੀ। ਉਹ 2 ਸਾਲ ਜੇਲ ਵਿਚ ਰਿਹਾ ਅਤੇ 6 ਮਹੀਨੇ ਪਹਿਲਾਂ ਉਸ ਨੂੰ ਜ਼ਮਾਨਤ ਮਿਲੀ ਸੀ। ਅੱਜ ਸਥਾਨਕ ਅਦਾਲਤ ਵਿਚ ਉਸ ਦੀ ਪੇਸ਼ੀ ਸੀ। ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ 'ਤੇ ਸਥਿਤ ਉਕਤ ਅਦਾਲਤ ਵਿਚ ਜਦ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਤਾਂ ਅਦਾਲਤ ਤੋਂ ਬਾਹਰ ਨਿਕਲਦੇ ਹੀ ਉਸ ਨੇ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ, ਜਿਸ ਨਾਲ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਤੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ ਗਿਆ। ਸਿਟੀ ਪੁਲਸ ਸਟੇਸ਼ਨ ਵਿਚ ਉਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਿਰਵੈਰ ਦੇ ਪਰਿਵਾਰ ਨੇ ਦੱਸਿਆ ਕਿ ਉਸ ਦੇ ਖਿਲਾਫ਼ ਪਹਿਲਾਂ ਜੋ ਮਾਮਲਾ ਦਰਜ ਕੀਤਾ ਗਿਆ ਸੀ, ਉਹ ਗਲਤ ਸੀ ਅਤੇ ਉਸ ਨੂੰ ਜਾਣਬੁੱਝ ਕੇ ਇਸ ਕੇਸ ਵਿਚ ਫਸਾਇਆ ਗਿਆ ਸੀ।