ਹੁਣ ਜੇਲ ਹਸਪਤਾਲਾਂ ''ਚ ਹੀ ਹੋਣਗੇ ਕੈਦੀ ਤੇ ਹਵਾਲਾਤੀਆਂ ਦੇ ਡੋਪ ਟੈਸਟ

01/19/2018 12:05:03 PM

ਲੁਧਿਆਣਾ (ਸਿਆਲ) : ਜੇਲ ਵਿਭਾਗ ਨੇ ਜੇਲਾਂ 'ਚ ਕੈਦੀਆਂ ਅਤੇ ਹਵਾਲਾਤੀਆਂ ਦੇ ਡੋਪ ਟੈਸਟ ਜ਼ਰੂਰੀ ਕਰ ਦਿੱਤੇ ਹਨ। ਇਸ ਕਾਰਨ ਵਿਭਾਗ ਨੇ ਸੂਬੇ ਦੀ ਸੈਂਟਰਲ ਜੇਲ ਤੇ ਸਬ-ਜੇਲਾਂ ਵਿਚ ਮੈਡੀਕਲ ਕਿੱਟਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਤਾਜਪੁਰ ਰੋਡ ਸਥਿਤ ਸੈਂਟਰਲ, ਮਹਿਲਾ ਤੇ ਬ੍ਰੋਸਟਲ ਜੇਲ ਵਿਚ ਵੀ ਮੈਡੀਕਲ ਕਿੱਟਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧ ਵਿਚ ਸੈਂਟਰਲ ਜੇਲ ਦੇ ਮੈਡੀਕਲ ਅਧਿਕਾਰੀ ਡਾ. ਜੀ. ਐੱਸ. ਭਿੰਡਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਕੈਦੀ ਜਾਂ ਹਵਾਲਾਤੀ ਦੇ ਮੈਡੀਕਲ ਟੈਸਟ ਦੌਰਾਨ ਕਾਲਾ ਪੀਲੀਆ ਪਾਜ਼ੀਟਿਵ ਆਉਣ 'ਤੇ ਉਸ ਨੂੰ ਸਿਵਲ ਹਸਪਤਾਲ ਵਿਚ ਅਲਾਇਜਾ ਟੈਸਟ ਲਈ ਭੇਜਿਆ ਜਾਂਦਾ ਸੀ ਅਤੇ ਫਿਰ ਉਸ ਦਾ ਇਲਾਜ ਸ਼ੁਰੂ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਅਲਾਇਜਾ ਟੈਸਟ ਦੀਆਂ ਕਿੱਟਾਂ ਜੇਲ ਵਿਚ ਹੀ ਮੁਹੱਈਆ ਕਰਵਾਏ ਜਾਣ ਸਬੰਧੀ ਏ. ਡੀ. ਜੀ. ਪੀ. (ਜੇਲ) ਨੂੰ ਲਿਖਤੀ ਵਿਚ ਭੇਜਿਆ ਗਿਆ ਸੀ। ਇਸ 'ਤੇ ਵਿਭਾਗ ਨੇ ਕੈਦੀਆਂ ਤੇ ਹਵਾਲਾਤੀਆਂ ਦੀ ਗਿਣਤੀ ਅਨੁਸਾਰ ਇਕ ਸਾਲ ਲਈ 180 ਕਿੱਟਾਂ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਦੱਸਿਆ ਕਿ 1 ਕਿੱਟ ਨਾਲ 96 ਟੈਸਟ ਕੀਤੇ ਜਾ ਸਕਦੇ ਹਨ। ਬਾਕੀ ਟੈਸਟਾਂ ਲਈ ਵਿਭਾਗ ਵੱਲੋਂ ਸਾਲ ਭਰ ਲਈ 18,000 ਦੇ ਕਰੀਬ ਕਿੱਟਾਂ ਭੇਜੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਉਕਤ ਬੀਮਾਰੀਆਂ ਦੀ ਜਾਂਚ ਸਬੰਧੀ ਕਿੱਟਾਂ ਪਹੁੰਚ ਚੁੱਕੀਆਂ ਹਨ। ਹੁਣ ਜ਼ਿਆਦਾਤਰ ਟੈਸਟ ਜੇਲ ਹਸਪਤਾਲ ਵਿਚ ਹੀ ਹੋਣਗੇ।
ਹੁਣ ਹਰ ਹਵਾਲਾਤੀ ਦਾ ਹੋਵੇਗਾ ਮੈਡੀਕਲ ਟੈਸਟ
ਡਾ. ਭਿੰਡਰ ਨੇ ਦੱਸਿਆ ਕਿ ਜੇਲ ਵਿਚ ਜਿਥੇ ਕੁੱਝ ਹਵਾਲਾਤੀ ਅਫ਼ੀਮ, ਚਿੱਟਾ ਪਾਊਡਰ ਅਤੇ ਭੁੱਕੀ ਖਾਣ ਕਾਰਨ ਪਹੁੰਚਦੇ ਹਨ, ਉਥੇ ਕੁੱਝ ਮੈਡੀਕਲ ਨਸ਼ਾ ਕਰਨ ਦੇ ਆਦੀ ਹੁੰਦੇ ਹਨ। ਉਕਤ ਸਾਰਿਆਂ ਦਾ ਪਿਸ਼ਾਬ ਤੇ ਬਲੱਡ ਟੈਸਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਮੈਡੀਕਲ ਕਿੱਟਾਂ ਨਾ ਹੋਣ ਦੀ ਵਜ੍ਹਾ ਨਾਲ ਬਹੁਤ ਘੱਟ ਟੈਸਟ ਹੁੰਦਾ ਸੀ ਪਰ ਹੁਣ ਹਰ ਹਵਾਲਾਤੀ ਦਾ ਟੈਸਟ ਹੋਵੇਗਾ।
ਕੀ ਕਹਿੰਦੇ ਹਨ ਜੇਲ ਅਧਿਕਾਰੀ
ਇਸ ਸਬੰਧ ਵਿਚ ਸੈਂਟਰਲ ਜੇਲ ਦੇ ਡਿਪਟੀ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਪਹਿਲਾਂ ਕਿਸੇ ਵੀ ਟੈਸਟ ਲਈ ਪੁਲਸ ਗਾਰਦ ਲਾ ਕੇ ਕੈਦੀ ਤੇ ਹਵਾਲਾਤੀਆਂ ਨੂੰ ਬਾਹਰ ਸਿਵਲ ਹਸਪਤਾਲ 'ਚ ਭੇਜਣਾ ਪੈਂਦਾ ਸੀ। ਇਸ ਨਾਲ ਜਿੱਥੇ ਖਰਚ ਵਧਦਾ ਸੀ, ਉਥੇ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਵੀ ਵਧ ਜਾਂਦੀ ਸੀ ਪਰ ਹੁਣ ਹਰ ਤਰ੍ਹਾਂ ਦੇ ਟੈਸਟ ਜੇਲ ਹਸਪਤਾਲ 'ਚ ਹੋਣ ਕਾਰਨ ਕਾਫੀ ਰਾਹਤ ਮਿਲੇਗੀ।