ਗੁਰਦਾਸਪੁਰ ਜੇਲ ''ਚ ਦੋ ਗਰੁੱਪਾਂ ਵਿਚਾਲੇ ਝੜਪ, ਮਾਹੌਲ ਬਣਿਆ ਤਣਾਅਪੂਰਨ

07/15/2019 6:33:09 PM

ਗੁਰਦਾਸਪੁਰ (ਵਿਨੋਦ) : ਸਥਾਨਕ ਕੇਂਦਰੀ ਜੇਲ ਵਿਚ ਮਾਮੂਲੀ ਗੱਲ ਨੂੰ ਲੈ ਕੇ ਬੈਰਕ 'ਚ ਬੰਦ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ, ਜਿਸ ਕਾਰਨ ਕੁਝ ਸਮੇਂ ਲਈ ਕੇਂਦਰੀ ਜੇਲ ਵਿਚ ਤਣਾਅ ਬਣ ਗਿਆ ਤੇ ਜੇਲ ਪੁਲਸ ਵੀ ਹਰਕਤ ਵਿਚ ਆ ਗਈ। ਇਸ ਝਗੜੇ ਦੌਰਾਨ ਦੋ ਕੈਦੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਜੇਲ ਪੁਲਸ ਨੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਹਸਪਤਾਲ ਵਿਚ ਦਾਖ਼ਲ ਸੰਨੀ ਪੁੱਤਰ ਤੇਜਾ ਮਸੀਹ ਨਿਵਾਸੀ ਗੋਹਤ ਪੋਕਰ ਅਤੇ ਅਵਤਾਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਜੋਗੀ ਚੀਮਾ ਨੇ ਦੱਸਿਆ ਕਿ ਉਹ ਜੇਲ ਦੀ ਬੈਰਕ ਨੰਬਰ-2 ਵਿਚ ਬੰਦ ਹਨ। ਇਸੇ ਬੈਰਕ 'ਚ ਗੋਪੀ ਗੋਲੀ ਅਤੇ ਪਰਮਜੀਤ ਸਿੰਘ ਬੰਦ ਹਨ। 

ਸੋਮਵਾਰ ਦੁਪਹਿਰ ਸਮੇਂ ਖਾਣਾ ਖਾਣ ਤੋਂ ਬਾਅਦ ਉਹ ਆਪਣਾ ਬੈਗ ਬੈਰਕ 'ਚ ਬਣੀ ਗੀਠੀ 'ਤੇ ਰੱਖ ਰਿਹਾ ਸੀ ਕਿ ਗੋਪੀ ਗੋਲੀ ਤੇ ਉਸ ਦੇ ਸਾਥੀਆਂ ਨੇ ਮੈਨੂੰ ਮੇਰਾ ਬੈਗ ਨਹੀਂ ਰੱਖਣ ਦਿੱਤਾ। ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਗੋਪੀ ਗੋਲੀ ਤੇ ਉਸ ਦੇ ਸਾਥੀ ਪਰਮਜੀਤ ਸਿੰਘ ਤੇ ਹੋਰ ਸਾਥੀਆਂ ਨੇ ਸਾਡੇ ਦੋਵਾਂ 'ਤੇ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕਰਕੇ ਸਾਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਜੇਲ ਪੁਲਸ ਨੂੰ ਝਗੜਾ ਹੋਣ ਸਬੰਧੀ ਸੂਚਨਾ ਮਿਲਣ 'ਤੇ ਪੁਲਸ ਅਧਿਕਾਰੀਆਂ ਨੇ ਸਾਨੂੰ ਇਨ੍ਹਾਂ ਤੋਂ ਛੁਡਵਾਇਆ ਤੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ।

Gurminder Singh

This news is Content Editor Gurminder Singh