ਨਸ਼ੀਲੇ ਪਾਊਡਰ ਦੀ ਸਮੱਗਲਿੰਗ ਦੇ ਮਾਮਲੇ ''ਚ ਕੈਦ ਤੇ ਜੁਰਮਾਨਾ

12/12/2017 2:21:56 AM

ਮੋਗਾ, (ਅਜ਼ਾਦ)- ਜ਼ਿਲਾ ਤੇ ਵਧੀਕ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਨੇ ਸੋਮਵਾਰ ਨੂੰ ਨਸ਼ੀਲੇ ਪਾਊਡਰ ਦੀ ਸਮੱਗਲਿੰਗ ਦੇ ਮਾਮਲੇ 'ਚ ਸ਼ਾਮਲ ਇਕ ਦੋਸ਼ੀ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ 4 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। ਅਦਾਲਤ ਨੇ ਜੁਰਮਾਨਾ ਨਾ ਭਰਨ ਦੀ ਸੂਰਤ 'ਚ ਇਕ ਸਾਲ ਦੀ ਹੋਰ ਸਜ਼ਾ ਕੱਟਣ ਦਾ ਹੁਕਮ ਸੁਣਾਇਆ ਹੈ।  ਜਾਣਕਾਰੀ ਅਨੁਸਾਰ ਥਾਣਾ ਧਰਮਕੋਟ ਵੱਲੋਂ 30 ਜੂਨ 2014 ਨੂੰ ਗਸ਼ਤ ਦੌਰਾਨ ਪਿੰਡ ਇੰਦਗੜ੍ਹ ਦੇ ਲਿੰਕ ਰੋਡ 'ਤੇ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਉਸ ਕੋਲੋਂ 200 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਸੀ। ਉਕਤ ਵਿਅਕਤੀ ਦੀ ਪਛਾਣ ਗੁਰਮੇਲ ਸਿੰਘ ਉਰਫ ਮਿੰਟੂ ਵਜੋਂ ਹੋਈ ਸੀ, ਜਿਸ ਦੇ ਖਿਲਾਫ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ।