ਬਲਾਤਕਾਰ ਦੇ ਕੇਸ ''ਚ ਜੇਲ ''ਚ ਬੰਦ ਕੈਦੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

08/05/2018 6:30:06 PM

ਲੁਧਿਆਣਾ (ਸਿਆਲ) : ਸੈਂਟਰਲ ਜੇਲ 'ਚ ਇਕ ਵਿਚਾਰ ਅਧੀਨ ਕੈਦੀ ਨੇ ਸ਼ੱਕੀ ਹਾਲਾਤ ਵਿਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਮ੍ਰਿਤਕ ਵਿਚਾਰ ਅਧੀਨ ਕੈਦੀ ਹਰਪ੍ਰੀਤ ਸਿੰਘ ਥਾਣਾ ਦੋਰਾਹਾ ਵਿਚ ਐੱਨ. ਡੀ. ਪੀ. ਐੱਸ. ਐਕਟ ਅਤੇ ਜਬਰ-ਜ਼ਨਾਹ ਦੇ ਦੋਸ਼ ਵਿਚ ਕੇਸ ਦਰਜ ਹੋਣ ਕਾਰਨ ਜੇਲ ਵਿਚ ਬੰਦ ਸੀ। ਐਤਵਾਰ ਸਵੇਰੇ 6.35 ਵਜੇ ਦੇ ਕਰੀਬ ਜਦੋਂ ਵਾਰਡਨ ਚੈਕਿੰਗ ਕਰ ਰਿਹਾ ਸੀ ਤਾਂ ਜੇਲ ਦੀ ਨਵੀਂ ਬੈਰਕ ਨੰ. 4 ਦੇ ਬਾਥਰੂਮ ਵਿਚ ਉਕਤ ਕੈਦੀ ਨੇ ਲੋਹੇ ਦੀ ਗਰਿੱਲ ਨਾਲ ਕੱਪੜਾ (ਪਰਨਾ) ਗਲੇ ਵਿਚ ਪਾ ਕੇ ਫਾਹਾ ਲੈ ਲਿਆ ਸੀ। ਵਾਰਡਨ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ। 
ਜੇਲ ਦੇ ਐੱਸ. ਓ. ਹਰਮਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਹੇਠਾਂ ਉਤਾਰ ਕੇ ਮ੍ਰਿਤਕ ਦੇ ਸਾਥੀ ਕੈਦੀਆਂ ਤੋਂ ਪੁੱਛਗਿੱਛ ਕੀਤੀ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਕੈਦੀ ਦੀ 3 ਅਗਸਤ ਨੂੰ ਪੇਸ਼ੀ ਸੀ, ਜਿਸ ਦੇ ਬਾਅਦ ਵਾਪਸ ਜੇਲ ਆਉਣ 'ਤੇ ਹੋਰਨਾਂ ਕੈਦੀਆਂ ਨਾਲ ਘੱਟ ਹੀ ਗੱਲਬਾਤ ਕਰ ਰਿਹਾ ਸੀ।
ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਉਕਤ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਵੀ ਉਕਤ ਘਟਨਾ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਚਾਰ ਅਧੀਨ ਕੈਦੀ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।