100 ਕੈਦੀਆਂ ਨੂੰ ਹੋਇਆ ਐੱਚ. ਆਈ. ਵੀ. ਤੇ ਹੈਪੇਟਾਈਟਸ, ਮਨੁੱਖੀ ਅਧਿਕਾਰ ਕਮਿਸ਼ਨ ਨੇ ਮੰਗਿਆ ਸਪਸ਼ਟੀਕਰਨ

09/05/2017 5:02:15 PM

ਜਲੰਧਰ/ਕਪੂਰਥਲਾ(ਅਮਿਤ)— ਆਰਗੇਨਾਈਜੇਸ਼ਨ ਫਾਰ ਪ੍ਰੋਟੈਕਸ਼ਨ ਆਫ ਹਿਊੂਮਨ ਰਾਈਟਸ (ਰਜਿ.) ਦੇ ਸੂਬਾ ਪ੍ਰਧਾਨ ਸੰਦੀਪ ਸ਼ਰਮਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਟੇਟ ਹਿਊੂਮਨ ਰਾਈਟਸ ਕਮਿਸ਼ਨ ਨੂੰ ਉਨ੍ਹਾਂ ਵੱਲੋਂ ਭੇਜੇ ਗਏ ਸ਼ਿਕਾਇਤ ਪੱਤਰ ਵਿਚ ਉਨ੍ਹਾਂ ਨੇ ਗੁਹਾਰ ਲਗਾਈ ਸੀ ਕਿ ਕਪੂਰਥਲਾ ਦੀ ਮਾਡਰਨ ਜੇਲ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਅਤੇ ਕਾਫੀ ਸਮਾਂ ਪਹਿਲਾਂ ਸਾਹਮਣੇ ਆਏ ਐੱਚ. ਆਈ. ਵੀ. ਅਤੇ ਹੈਪੇਟਾਈਟਸ ਬੀ. ਤੋਂ ਪੀੜਤ 100 ਤੋਂ ਜ਼ਿਆਦਾ ਕੈਦੀਆਂ ਦੇ ਮਾਮਲੇ ਵਿਚ ਜਾਂਚ ਕਰਨੀ ਚਾਹੀਦੀ ਹੈ। ਸੰਦੀਪ ਨੇ ਕਿਹਾ ਕਿ ਉਨ੍ਹਾਂ ਵੱਲੋਂ ਭੇਜੇ ਗਏ ਸ਼ਿਕਾਇਤ ਪੱਤਰ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਏ. ਡੀ. ਜੀ. ਪੀ. ਜੇਲ ਨੂੰ ਭੇਜ ਕੇ ਇਸ ਮਾਮਲੇ ਵਿਚ ਸਪੱਸ਼ਟੀਕਰਨ ਮੰਗਿਆ ਗਿਆ ਸੀ।
ਸੰਦੀਪ ਨੇ ਕਿਹਾ ਕਿ ਕਪੂਰਥਲਾ ਜੇਲ ਵਿਚ ਸਾਹਮਣੇ ਆਇਆ ਹੈ ਕਿ ਉਕਤ ਮਾਮਲੇ ਨੇ ਉਨ੍ਹਾਂ ਦੀ ਚਿੰਤਾ ਨੂੰ ਹੋਰ ਵੀ ਗਹਿਰਾ ਕਰ ਦਿੱਤਾ ਹੈ ਕਿਉਂਕਿ ਪਹਿਲਾਂ ਤੋਂ ਚੱਲ ਰਹੇ ਲਾਸ਼ਾਂ ਗਾਇਬ ਹੋਣ ਤੇ ਮਨੁੱਖੀ ਅੰਗਾਂ ਦੀ ਸਮੱਗਲਿੰਗ ਵਾਲੇ ਮਾਮਲੇ ਵਾਂਗ ਇਸ ਨੂੰ ਵੀ ਦਬਾਉਣ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਗਈ, ਉਸ ਵੇਲੇ ਤੋਂ ਲੈ ਕੇ ਅੱਜ ਤੱਕ ਕਈ ਏ. ਡੀ. ਜੀ. ਪੀ. ਜੇਲ ਬਦਲ ਚੁੱਕੇ ਹਨ ਤੇ ਇੰਨੇ ਘੱਟ ਸਮੇਂ 'ਚ ਲਗਾਤਾਰ ਹੋਏ ਤਿੰਨ ਤਬਾਦਲੇ ਵੀ ਸ਼ੱਕ ਪੈਦਾ ਕਰਦੇ ਹਨ, ਕਿਉਂਕਿ ਮਾਮਲਾ ਬੇਹੱਦ ਗੰਭੀਰ ਹੈ ਅਤੇ ਇਸ ਦੀ ਉੁੱਚ ਪੱਧਰੀ ਜਾਂਚ ਹੋਣੀ ਜ਼ਰੂਰੀ ਹੈ। 
ਏੇ. ਡੀ. ਜੀ. ਪੀ. ਜੇਲ ਵੱਲੋਂ ਭੇਜੇ ਗਏ ਜਵਾਬ ਬਾਰੇ ਸੰਦੀਪ ਨੇ ਕਿਹਾ ਕਿ ਏ. ਡੀ. ਜੀ. ਪੀ. ਦਾ ਕਹਿਣਾ ਹੈ ਕਿ ਜੇਲ ਰਿਕਾਰਡ ਮੈਨੂਅਲ ਅਨੁਸਾਰ ਜਦੋਂ ਵੀ ਕੋਈ ਹਾਦਸਾ ਜੇਲ ਬੰਦ ਹੋਣ ਦੇ ਬਾਅਦ ਅਤੇ ਖੁੱਲ੍ਹਣ ਦੀ ਪਹਿਲੀ ਰਾਤ ਦੇ ਸਮੇਂ ਹੁੰਦਾ ਹੈ ਤਾਂ ਦੋਵਾਂ ਤਰੀਕਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਲਿਸਟ ਵਿਚ ਦਿੱਤੀਆਂ ਗਈਆਂ ਤਰੀਕਾਂ ਦਾ ਅਰਥ ਉਨ੍ਹਾਂ ਅਨੁਸਾਰ ਇਹ ਹੈ ਕਿ ਕੈਦੀ ਦੀ ਮੌਤ ਇਨ੍ਹਾਂ ਦੋਵਾਂ ਹੀ ਤਰੀਕਾਂ ਵਿਚਲੀ ਰਾਤ ਨੂੰ ਹੋਈ ਹੈ। ਜਦੋਂਕਿ ਉਕਤ ਜਵਾਬ ਬੇਹੱਦ ਇਤਰਾਜ਼ਯੋਗ ਹੈ, ਕਿਉਕਿ ਇਸ ਤਰ੍ਹਾਂ ਦਾ ਜਵਾਬ ਆਉਣ ਤੋਂ ਸਾਫ ਪ੍ਰਤੀਤ ਹੁੰਦਾ ਹੈ ਕਿ ਉਕਤ ਮਾਮਲੇ ਨੂੰ ਦਬਾਉਣ ਲਈ ਹੀ ਇਸ ਤਰ੍ਹਾਂ ਦੇ ਗਲਤ ਜਵਾਬ ਦੇ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਇਸ ਸਬੰਧ ਵਿਚ ਸਾਰੇ ਪੁਖਤਾ ਸਬੂਤ ਪਹਿਲਾਂ ਹੀ ਪੇਸ਼ ਕੀਤੇ ਜਾ ਚੁੱਕੇ ਹਨ। ਇਸ ਲਈ ਸੰਦੀਪ ਨੇ ਮਨੁੱਖ ਅਧਿਕਾਰ ਕਮਿਸ਼ਨ ਕੋਲ ਮੰਗ ਰੱਖੀ ਹੈ ਕਿ ਕਪੂਰਥਲਾ ਜੇਲ ਅੰਦਰ ਮਰੇ ਕੈਦੀਆਂ ਦੀ ਮੌਤ ਦਾ ਦੋ ਤਰੀਕਾਂ ਵਾਲਾ ਪ੍ਰਮਾਣ ਪੱਤਰ ਸਬੂਤ ਦੇ ਤੌਰ 'ਤੇ ਕੈਦੀਆਂ ਦੇ ਪਰਿਵਾਰਾਂ ਤੋਂ ਲੈ ਕੇ ਸ਼ਿਕਾਇਤਕਰਤਾ ਨੂੰ ਦਿੱਤਾ ਜਾਵੇ, ਕਿਉਕਿ ਸ਼ਿਕਾਇਤਕਰਤਾ ਨੂੰ ਪੂਰਾ ਸ਼ੱਕ ਹੈ ਕਿ ਮ੍ਰਿਤਕ ਕੈਦੀਆਂ ਦੇ ਅੰਗਾਂ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ, ਜਿਸਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।