ਕਾਰਖਾਨਿਆਂ ''ਚ ਕੰਮ ਕਰਨ ਲਈ 70 ਫੀਸਦੀ ਲੋਕਲ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਤਰਜੀਹ : ਸਿੰਗਲਾ

06/24/2017 3:35:59 PM


ਸੰਗਰੂਰ(ਬੇਦੀ)—ਅੱਜ ਆਪਣੇ ਨਿਵਾਸ ਸਥਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ 'ਚ ਵਿੱਤੀ ਐਮਰਜੈਂਸੀ ਵਰਗੇ ਹਲਾਤ ਹੋਣ ਦੇ ਬਾਵਜੂਦ ਪੰਜਾਬ ਦੀ ਕੈਪਟਨ ਸਰਕਾਰ ਨੇ ਸ਼ਾਨਦਾਰ ਬਜਟ ਪੇਸ਼ ਕੀਤਾ ਹੈ ਜਿਸ ਤਹਿਤ ਪੰਜਾਬ ਸਰਕਾਰ ਨੇ ਸੰਗਰੂਰ ਨੂੰ ਜਿਥੇ ਇੰਡਸਟਰੀਅਲ ਹੱਬ ਬਨਾਉਣ ਦਾ ਐਲਾਨ ਕੀਤਾ ਹੈ, ਉਥੇ ਹੀ ਜ਼ਿਲੇ 'ਚ ਪੰਜ ਡਿਗਰੀ ਕਾਲਜ ਸਥਾਪਿਤ ਕਰਨ ਦਾ ਵੀ ਐਲਾਨ ਕਰਕੇ ਜ਼ਿਲੇ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ।
ਇਸ ਮੌਕੇ ਸਿੰਗਲਾ ਨੇ ਕਿਹਾ ਕਿ ਦੇਸ਼ ਦੇ ਵੱਡੇ ਉਦਯੋਗਿਕ ਘਰਾਣਿਆਂ ਅਤੇ ਉਦਯੋਗਿਕ ਇਕਾਈਆਂ ਨਾਲ ਸੰਬੰਧਤ ਲੋਕਾਂ ਨੂੰ ਆਪਣਾ ਉਦਯੋਗ ਸਥਾਪਤ ਕਰਨ ਲਈ ਹਮੇਸ਼ਾ ਅਜਿਹੇ ਥਾਵਾਂ ਨੂੰ ਅਹਿਮੀਅਤ ਦਿੰਦੇ ਹਨ ਜਿਥੇ ਉਨਾਂ ਨੂੰ ਸਿਹਤ ਸਹੂਲਤਾਂ, ਪਾਣੀ, ਸੜਕੀ ਆਵਾਜਾਈ, ਰੇਲਵੇ ਅਜਿਹੀਆਂ ਅਹਿਮ ਸਹੂਲਤਾਂ ਪ੍ਰਾਪਤ ਹੋਣ। ਇਨਾਂ ਸਾਰੀਆਂ ਸਹੂਲਤਾਂ ਨੂੰ ਸੰਗਰੂਰ ਜ਼ਿਲਾ ਹਰ ਪੱਖੋਂ ਇਨਾਂ ਸਭ ਸ਼ਰਤਾਂ ਤੇ ਪੂਰਾ ਉਤਰਦਾ ਹੈ। 
ਸਿੰਗਲਾ ਨੇ ਸੰਗਰੂਰ ਹਲਕੇ ਦੇ ਪਿੰਡਾ ਦਾ ਨਕਸ਼ਾ ਦਿਖਾਉਂਦਿਆ ਕਿਹਾ ਕਿ ਇੰਡਸਟਰੀ ਲਾਉਣ ਲਈ ਜ਼ਿਲੇ ਦੇ ਕਈ ਪਿੰਡਾਂ ਦੀ ਪੰਚਾਇਤੀ ਜ਼ਮੀਨ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਜਿਸਦੇ ਤਹਿਤ ਕਰੀਬ 1200 ਏਕੜ ਦੇ ਵੱਖੋ-ਵੱਖ ਟੱਕ (ਜਮੀਨੀ ਪੈਚ) ਉਦਯੋਗਿਕ ਇਕਾਈਆਂ ਸਥਾਪਿਤ ਕਰਨ ਲਈ ਚੁਣੀ ਗਈ ਹੈ ਅਤੇ ਇਨਾਂ ਪਿੰਡਾਂ ਦੇ ਲੋਕਾਂ ਤੇ ਪੰਚਾਇਤਾਂ ਦੀ ਆਪਸੀ ਸਹਿਮਤੀ ਹੋਣ ਤੋਂ ਬਾਅਦ ਹੀ ਇਥੇ ਉਦਯੋਗ ਸਥਾਪਿਤ ਕਰਵਾਏ ਜਾਣਗੇ।
ਉਨਾਂ ਕਿਹਾ ਕਿ ਇਥੇ ਉਦਯੋਗ ਲਾਉਣ ਵਾਲਿਆਂ ਅੱਗੇ ਪਹਿਲੀ ਸ਼ਰਤ ਇਹ ਰੱਖੀ ਜਾਵੇਗੀ ਕਿ ਉਨਾਂ ਦੇ ਕਾਰਖਾਨਿਆਂ 'ਚ ਕੰਮ ਕਰਨ ਲਈ 70 ਫੀਸਦੀ ਲੋਕਲ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਇਲਾਕੇ 'ਚੋਂ ਬੇਰੁਜਗਾਰੀ ਨੂੰ ਦੂਰ ਕਰਕੇ ਲੋਕਾਂ ਨੂੰ ਆਰਥਿਕ ਤੌਰ ਤੇ ਮਜਬੂਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕੇ 'ਚ ਸਿੱਖਿਆ ਦੇ ਮਿਆਰ ਨੂੰ ਹੋਰ ਉਚਾ ਚੁੱਕਣ ਦੇ ਉਦੇਸ਼ ਨਾਲ ਸੰਗਰੂਰ, ਭਵਾਨੀਗੜ, ਦਿੜਬਾ, ਲਹਿਰਾ ਅਤੇ ਅਮਰਗੜ ਵਿਖੇ ਡਿਗਰੀ ਕਾਲਜ ਸਥਾਪਿਤ ਕਰਵਾਏ ਜਾਣਗੇ
ਇਸ ਮੌਕੇ ਤੇ ਪਰਮਿੰਦਰ ਸ਼ਰਮਾ, ਡਾ. ਸੰਨੀ ਸਦਿਓੜਾ, ਅਨਿਲ ਘੀਚਾ, ਅਮ੍ਰਿਤ ਬਰਾੜ, ਜਸਵੀਰ ਫਤਿਹਗੜ, ਅਮਰਜੀਤ ਟੀਟੂ, ਵਰਿੰਦਰ ਪੰਨਵਾਂ, ਅਵਤਾਰ ਸਿੰਘ ਤਾਰੀ ਆਦਿ ਮੌਜੂਦ ਸਨ।