ਮੋਦੀ ਸਰਕਾਰ ਨੇ ਦੇਸ਼ ਦਾ ਸਮੁੱਚਾ ਕਾਰੋਬਾਰ ਕੀਤਾ ਠੱਪ : ਵੀਨੂੰ ਸ਼ਾਹ

09/29/2017 1:30:41 PM

ਜ਼ੀਰਾ (ਅਕਾਲੀਆਂਵਾਲਾ) - ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਹੋਂਦ 'ਚ ਆਇਆ ਸਾਢੇ ਤਿੰਨ ਸਾਲ 'ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਇਸ ਸਰਕਾਰ ਨੇ ਸਮੁੱਚੇ ਦੇਸ਼ਵਾਸੀਆਂ ਨੂੰ ਜਿਥੇ ਸਬਜ਼ਬਾਗ ਦਿਖ਼ਾਏ, ਉਥੇ ਇਸ ਸਰਕਾਰ ਨੇ ਦੇਸ਼ ਦੇ ਹਰ ਵਰਗ ਕਿਸਾਨ, ਮਜ਼ਦੂਰ, ਵਪਾਰੀ ਤੇ ਕਾਰੋਬਾਰੀਆਂ ਨੂੰ ਬਰਬਾਦ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਇਹ ਵਿਚਾਰ ਮੱਖੂ ਤੋਂ ਸੀਨੀਅਰ ਕਾਂਗਰਸੀ ਆਗੂ ਵੀਨੂੰ ਸ਼ਾਹ ਨੇ ਜ਼ੀਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਆਖ਼ਿਆ ਕਿ ਅਕਾਲੀ-ਭਾਜਪਾ ਗਠਜੋੜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਸਰਕਾਰ ਖਿਲਾਫ਼ ਕੋਈ ਨਾ ਕੋਈ ਦੋਸ਼ ਮੜ੍ਹ ਰਿਹਾ ਹੈ, ਜਦਕਿ ਇਸ ਸਰਕਾਰ ਨੇ ਛੇ ਮਹੀਨਿਆਂ 'ਚ ਜਨਤਾ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਹੈ ਤੇ ਪੰਜਾਬ ਸਰਕਾਰ ਭਵਿੱਖ਼ 'ਚ ਵੀ ਕਿਸਾਨਾਂ ਦਾ ਕਰਜ਼ੇ ਪੱਖ਼ੋਂ ਬੋਝ ਹੌਲਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਜਨਤਾ ਮਹਿੰਗਾਈ ਦੀ ਮਾਰ ਝੱਲ ਰਹੀ ਹੈ, ਦੂਜੇ ਪਾਸੇ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਫੈਸਲੇ ਇਸ ਸਰਕਾਰ ਨੇ ਥੋਪ ਕੇ ਦੇਸ਼ ਦਾ ਸਮੁੱਚਾ ਕਾਰੋਬਾਰ ਠੱਪ ਕਰ ਕੇ ਰੱਖ਼ ਦਿੱਤਾ ਹੈ। ਇਸ ਮੌਕੇ ਅਸ਼ਵਨੀ ਸੇਠੀ ਵੀ ਹਾਜ਼ਰ ਸਨ।


Related News