ਪ੍ਰਧਾਨ ਮੰਤਰੀ ਦੀ ''ਉਜਵਲਾ ਗੈਸ ਸਕੀਮ'' ''ਤੇ ਰਾਜਨੀਤੀ ਭਾਰੂ

09/24/2017 10:08:36 AM

ਪਟਿਆਲਾ (ਜੋਸਨ)-ਗਰੀਬਾਂ ਨੂੰ ਦਿੱਤੀ ਜਾਣ ਵਾਲੀ 'ਉਜਵਲਾ ਗੈਸ ਸਕੀਮ' 'ਤੇ ਰਾਜਨੀਤੀ ਭਾਰੂ ਹੁੰਦੀ ਜਾ ਰਹੀ ਹੈ। ਇਸ ਸਕੀਮ ਨੂੰ 'ਸਾਡੇ ਪ੍ਰਧਾਨ ਮੰਤਰੀ ਦੀ ਸਕੀਮ' ਕਹਿ ਕਿ ਭਾਜਪਾ ਦੀਆਂ ਕੁਝ ਮਹਿਲਾ ਆਗੂਆਂ ਵੱਲੋਂ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਮਹਿਲਾ ਆਗੂ ਆਪਣੇ-ਆਪ ਨੂੰ ਇਹ ਸਾਬਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ ਕਿ ਸੰਬੰਧਿਤ ਲਾਭਪਾਤਰੀ ਨੂੰ ਇਸ ਸਕੀਮ ਤਹਿਤ ਗੈਸ ਸਿਲੰਡਰ ਉਨ੍ਹਾਂ ਨੇ ਹੀ ਮੁਹੱਈਆ ਕਰਵਾਇਆ ਹੈ। ਇੰਨਾ ਹੀ ਨਹੀਂ ਇਹ ਸਾਰਾ ਡਾਟਾ ਇਨ੍ਹਾਂ ਮਹਿਲਾ ਆਗੂਆਂ ਨੂੰ ਕਥਿਤ ਮਿਲੀਭੁਗਤ ਨਾਲ ਗੈਸ ਏਜੰਸੀ ਦੇ ਕੁਝ ਵਰਕਰ ਹੀ ਮੁਹੱਈਆ ਕਰਵਾਉਂਦੇ ਹਨ।
ਇਹ ਮਹਿਲਾ ਆਗੂਆਂ ਗੈਸ ਏਜੰਸੀ ਅੰਦਰ ਜਾ ਕੇ ਆਪਣਾ ਰੋਹਬ ਵੀ ਬਰਕਰਾਰ ਰੱਖਦੀਆਂ ਹਨ ਅਤੇ ਏਜੰਸੀ ਵਰਕਰਾਂ ਤੋਂ  ਲਾਭਪਾਤਰੀਆਂ ਦੀ ਲਿਸਟ ਲੈ ਲੈਂਦੀਆਂ ਹਨ। ਇਹ ਵੀ ਪਤਾ ਲੱਗਿਆ ਹੈ ਕਿ ਜਿਹੜਾ ਲਾਭਪਾਤਰੀ ਇਨ੍ਹਾਂ ਮਹਿਲਾਵਾਂ ਨੂੰ ਆਪਣਾ ਪਤਾ ਨੋਟ ਕਰਵਾ ਦਿੰਦਾ ਹੈ, ਉਸ ਨਾਲ ਤਾਂ ਇਹ ਨਰਮੀ ਨਾਲ ਪੇਸ਼ ਆਉਂਦੀਆਂ ਹਨ, ਜਦਕਿ ਨਾਂਹ ਕਰਨ ਵਾਲੇ ਲਾਭਪਾਤਰੀ ਦੇ ਕਾਗਜ਼ਾਤ ਤਾਂ ਏਜੰਸੀ 'ਚੋਂ ਹੀ ਗਾਇਬ ਤੱਕ ਵੀ ਕਰਵਾ ਦਿੱਤੇ ਜਾਂਦੇ ਹਨ।      ਮਿਲੀ ਜਾਣਕਾਰੀ ਮਤਾਬਿਕ ਪ੍ਰਧਾਨ ਮੰਤਰੀ ਉਜਵਲਾ ਸਕੀਮ ਤਹਿਤ ਗਰੀਬ ਮਹਿਲਾਵਾਂ ਨੂੰ ਮੁਫਤ ਗੈਸ ਕੁਨੈਕਸ਼ਨ ਦਿੱਤੇ ਜਾ ਰਹੇ ਹਨ। ਸਥਾਨਕ ਬਾਜਵਾ ਕਾਲੋਨੀ ਦੀ ਵਸਨੀਕ ਇਕ ਮਹਿਲਾ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਉਸ ਦਾ ਨਾਂ ਲਿਸਟ ਵਿਚ ਆਇਆ ਸੀ। ਇਸ ਤੋਂ ਬਾਅਦ ਏਜੰਸੀ ਵੱਲੋਂ ਦੁਬਾਰਾ ਕਾਗਜ਼ਾਤ ਮੰਗੇ ਗਏ। ਜਦੋਂ ਅਸੀਂ ਮੁੜ ਕਾਗਜ਼ਾਤ ਦਿੱਤੇ ਤਾਂ ਕੁਝ ਦਿਨਾਂ ਬਾਅਦ ਹੀ ਇਕ ਮਹਿਲਾ ਦਾ ਫੋਨ ਆਇਆ ਕਿ ਤੁਸੀਂ ਗੈਸ ਲਈ ਅਪਲਾਈ ਕੀਤਾ ਸੀ। ਤੁਹਾਡਾ ਕੁਨੈਕਸ਼ਨ ਆ ਗਿਆ ਅਤੇ ਲੈ ਜਾਵੋ। ਉਨ੍ਹਾਂ ਦੱਸਿਆ ਕਿ ਮੈਨੂੰ ਉਕਤ ਮਹਿਲਾ ਆਗੂ ਨੇ ਆਪਣੇ ਘਰ ਬੁਲਾਇਆ, ਜਦੋਂ ਮੈਂ ਉਥੇ ਗਈ ਤਾਂ ਪਤਾ ਲੱਗਿਆ ਕਿ ਇਹ ਕੋਈ ਏਜੰਸੀ ਵਰਕਰ ਨਹੀਂ, ਬਲਕਿ ਭਾਜਪਾ ਪਾਰਟੀ ਦੀ ਆਗੂ ਹੈ।  ਲਾਭਪਾਤਰੀ ਮਹਿਲਾ ਮੁਤਾਬਿਕ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਥੇ ਤਾਂ ਰਾਜਨੀਤੀ ਹੋ ਰਹੀ ਹੈ ਅਤੇ ਉਸ ਨੂੰ ਕੁਨੈਕਸ਼ਨ ਨਹੀਂ ਮਿਲਣ ਵਾਲਾ ਤਾਂ ਉਹ ਤੁਰੰਤ ਬਾਹਰ ਆ ਗਈ ਅਤੇ ਮੁੜ ਉਸ ਮਹਿਲਾ ਆਗੂ ਕੋਲ ਨਹੀਂ ਗਈ। ਇਹ ਵੀ ਪਤਾ ਲੱਗਿਆ ਹੈ ਕਿ ਇਹ ਭਾਜਪਾ ਮਹਿਲਾ ਮੋਰਚਾ ਨਾਲ ਸੰਬੰਧਿਤ 3-4 ਮਹਿਲਾਵਾਂ ਹਨ, ਜੋ ਕਿ ਗੈਸ ਏਜੰਸੀਆਂ ਦੇ ਵਰਕਰਾਂ ਨਾਲ ਕਥਿਤ ਮਿਲੀਭੁਗਤ ਕਰ ਕੇ ਯੋਗ ਲਾਭਪਾਤਰੀਆਂ ਦਾ ਡਾਟਾ ਹਾਸਲ ਕਰ ਲੈਂਦੀਆਂ ਹਨ। ਉਨ੍ਹਾਂ ਨੂੰ ਕੁਨੈਕਸ਼ਨ ਮਿਲਣ ਤੋਂ 2-3 ਦਿਨ ਪਹਿਲਾਂ ਆਪਣੇ ਘਰ ਬੁਲਾ ਕੇ ਵੋਟ ਬੈਂਕ ਪੱਕਾ ਕਰਨ ਵਿਚ ਲੱਗੀਆਂ ਹੋਈਆਂ ਹਨ।