ਪੰਜਾਬ ਦੇ ਦੌਰੇ ਦੌਰਾਨ ਆਦਮਪੁਰ ਪਹੁੰਚੇ ਰਾਸ਼ਟਰਪਤੀ ਕੋਵਿੰਦ, ਸ੍ਰੀ ਹਰਿਮੰਦਰ ਸਾਹਿਬ ਵੀ ਹੋਏ ਨਤਮਸਤਕ

11/16/2017 6:55:58 PM


ਜਲੰਧਰ—ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀਰਵਾਰ ਨੂੰ ਪੰਜਾਬ ਦੇ ਦੌਰੇ 'ਤੇ ਆਏ। ਆਪਣੇ ਇਸ ਦੌਰੇ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਜਲੰਧਰ ਦੇ ਆਦਮਪੁਰ 'ਚ ਇਕ ਸਮਾਗਮ ਦੌਰਾਨ ਏਅਰਫੋਰਸ ਸਟੇਸ਼ਨ ਸ਼ਿਰਕਤ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਹਰ ਨਾਗਰਿਕ ਫੌਜ ਕਾਰਨ ਹੀ ਚੈਨ ਦੀ ਨੀਂਦ ਸੌਂਦਾ ਹੈ। 

ਆਦਮਪੁਰ ਪਹੁੰਚੇ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਅਤੇ ਆਰਮੀ 'ਚ ਪੰਜਾਬ ਦੇ ਲੋਕਾਂ ਦਾ ਬਹੁਤ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਜੋ ਰਾਸ਼ਟਰਪਤੀ ਬਣਨ ਦੇ ਬਾਅਦ ਅਤੇ ਭਾਰਤੀ ਫੌਜੀਆਂ ਦੇ ਸੁਪਰੀਮ ਕਮਾਂਡਰ ਹੋਣ ਦੇ ਨਾਤੇ ਪੰਜਾਬ 'ਚ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਦਮਪੁਰ ਏਅਰਫੋਰਸ ਸਟੇਸ਼ਨ 'ਤੇ ਆਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੇ ਪੰਜਾਬ ਦੇ ਦੌਰੇ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। 
ਦੱਸਣਯੋਗ ਹੈ ਕਿ ਰਾਸ਼ਟਰਪਤੀ ਕੋਵਿੰਦ ਇਸ ਤੋਂ ਬਾਅਦ ਅੰਮ੍ਰਿਤਸਰ 'ਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਵੀ ਨਤਮਸਤਕ ਹੋਏ। ਇਸ ਤੋਂ ਇਲਾਵਾ ਉਹ ਦੁਰਗਿਆਣਾ ਮੰਦਰ ਦੇ ਨਾਲ-ਨਾਲ ਜਲਿਆਂਵਾਲਾ ਬਾਗ 'ਚ ਵੀ ਗਏ। ਕੋਵਿੰਦ ਦੇ ਸ੍ਰੀ ਹਰਿੰਮਦਰ ਸਾਹਿਬ 'ਚ ਪਹੁੰਚਣ 'ਤੇ ਆਗੂਆਂ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ 'ਤੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੋਵਿੰਦ ਗਿਆਨੀ ਜੈਲ ਸਿੰਘ ਤੋਂ ਬਾਅਦ ਦੂਜੇ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ 'ਚ ਪ੍ਰਸ਼ਾਦਾ ਛੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਕਿਤਾਬਾਂ ਦਾ ਸੈੱਟ ਅਤੇ ਸ਼ਾਲ ਦੇ ਕੇ ਸਨਮਾਨਤ ਕੀਤਾ ਗਿਆ।