ਸਿੱਧੂ-CM ਮਾਨ ਮੁਲਾਕਾਤ ’ਤੇ ਪ੍ਰਧਾਨ ਰਾਜਾ ਵੜਿੰਗ ਨੇ ਦਿੱਤਾ ਅਹਿਮ ਬਿਆਨ

05/09/2022 9:01:12 PM

ਨਵੀਂ ਦਿੱਲੀ (ਕਮਲ ਕਾਂਸਲ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਭਗਵੰਤ ਵਿਚਾਲੇ ਹੋਈ ਮੁਲਾਕਾਤ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਹੈ। ਰਾਜਾ ਵੜਿੰਗ ਨੇ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਯੂ. ਸੀ.) ਦੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਦੀ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ’ਤੇ ਬੋਲਦਿਆਂ ਕਿਹਾ ਕਿ ਕਿਸੇ ਨੂੰ ਵੀ ਕਿਸੇ ਨਾਲ ਮੁਲਾਕਾਤ ਕਰਨ ਦਾ ਹੱਕ ਹੈ ਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨਾਲ ਮੁਲਾਕਾਤ ਮਗਰੋਂ ਬੋਲੇ ਸਿੱਧੂ, ਭਗਵੰਤ ਮਾਨ ’ਚ ਨਾ ਕੋਈ ਹਉਮੈ ਤੇ ਨਾ ਹੀ ਹੰਕਾਰ

ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਨੂੰ ਕੋਈ ਕਮਜ਼ੋਰ ਕਰਨ ਦੀ ਗੱਲ ਕਰੇਗਾ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਕਾਂਗਰਸ ਦੇ ਆਗੂਆਂ ਦੀ ਸ਼ਿਕਾਇਤ ’ਤੇ ਕਿਹਾ ਕਿ ਇਕ ਪਰਿਵਾਰ ਦੀ ਸ਼ਿਕਾਇਤ ਕਿਸ ਨੇ ਕੀਤੀ, ਇਹ ਅੰਦਰਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਕੋਈ ਵੱਡਾ ਆਗੂ ਹੋਵੇ ਜਾਂ ਛੋਟਾ, ਪਾਰਟੀ ਨੂੰ ਜੋ ਵੀ ਕਮਜ਼ੋਰ ਕਰੇਗਾ, ਉਸ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹ ਕਿ ਮੈਂ 10 ਲੋਕਾਂ ਦੀ ਕਮੇਟੀ ਨੇ ਨੌਜਵਾਨਾਂ ਬਾਰੇ ਪ੍ਰਸਤਾਵ ਸੀ. ਡਬਲਯੂ. ਸੀ. ਦੇ ਸਾਹਮਣੇ ਰੱਖਿਆ ਹੈ, ਹੁਣ ਫ਼ੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਲੈਣਾ ਹੈ।

ਇਹ ਵੀ ਪੜ੍ਹੋ : ਐਕਸ਼ਨ ਮੋਡ 'ਚ 'ਆਪ' ਵਿਧਾਇਕ, ਚਿੱਟਾ ਖ਼ਰੀਦਣ ਆਏ ਦੋ ਪੁਲਸ ਮੁਲਾਜ਼ਮਾਂ ਸਣੇ 11 ਕੀਤੇ ਪੁਲਸ ਹਵਾਲੇ

ਇਸ ਦੌਰਾਨ ਰਾਜਾ ਵੜਿੰਗ ਨੇ ਤਜਿੰਦਰਪਾਲ ਸਿੰਘ ਬੱਗਾ ’ਤੇ ਬੋਲਦਿਆਂ ਕਿਹਾ ਕਿ ਭਾਜਪਾ ਨੇ ਸ਼ੁਰੂਆਤ ਕੀਤੀ, ਕਾਂਗਰਸ ਦੇ ਵਿਧਾਇਕ ਨੂੰ ਗੁਜਰਾਤ ਤੋਂ ਚੁੱਕ ਕੇ ਆਸਾਮ ਲੈ ਗਏ। ਹੁਣ ਵਾਰੀ ਤਜਿੰਦਰ ਪਾਲ ਸਿੰਘ ਬੱਗਾ ਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸੁਫ਼ਨਾ ਸੀ ਕਿ ਉਨ੍ਹਾਂ ਦੇ ਅਧੀਨ ਪੁਲਸ ਹੋਵੇ। ਹੁਣ ਪੰਜਾਬ ਪੁਲਸ ਉਨ੍ਹਾਂ ਦੇ ਅਧੀਨ ਆ ਗਈ ਹੈ, ਹੁਣ ਉਹ ਸ਼ੁਰੂਆਤ ਕਰ ਰਹੇ ਹਨ। ਮੇਰੀ ਬੇਨਤੀ ਹੈ ਕਿ ਚਾਹੇ ਭਾਜਪਾ ਦੀ ਸਰਕਾਰ ਹੋਵੇ ਜਾਂ ਆਮ ਆਦਮੀ ਪਾਰਟੀ ਦੀ, ਅਜਿਹਾ ਨਹੀਂ ਕਰਨਾ ਚਾਹੀਦਾ, ਜੇਕਰ ਜਨਤਾ ਕਿਸੇ ਨੂੰ ਬਹੁਮਤ ਦਿੰਦੀ ਹੈ ਤਾਂ ਇਸ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ।

Manoj

This news is Content Editor Manoj