ਕੰਮ ’ਚ ਬੇਨਿਯਮੀਆਂ ਕਾਰਨ ਨਵੇਂ ਪ੍ਰਧਾਨ ਪ੍ਰਮਿਲ ਕਲਾਨੀ ਸਸਪੈਂਡ

07/20/2018 8:05:55 AM

ਅਬੋਹਰ (ਸੁਨੀਲ) - ਮੁਹੱਲਾ ਧਰਮ ਨਗਰੀ ਗਲੀ ਨੰਬਰ 5 ਮਕਾਨ ਨੰਬਰ 1010 ਵਾਸੀ ਸੁਨੀਲ ਡੋਡਾ ਪੁੱਤਰ ਕੇ. ਐੱਲ. ਡੋਡਾ ਨੇ ਸਥਾਨਕ ਸਰਕਾਰ ਵਿਭਾਗ ਦੇ ਮਾਣਯੋਗ ਮੰਤਰੀ ਨੂੰ ਇਕ ਸ਼ਿਕਾਇਤ ਭੇਜ ਕੇ ਕਿਹਾ ਸੀ ਕਿ ਰਾਕੇਸ਼ ਛਾਬਡ਼ਾ ਕੌਂਸਲਰ ਅਬੋਹਰ ਦੇ ਭਰਾ ਨਰੇਸ਼ ਛਾਬਡ਼ਾ ਨੂੰ ਨਗਰ ਕੌਂਸਲ ਨੇ ਬਿਨਾਂ ਰਿਜ਼ਰਵ ਕੀਮਤ ਮਾਰਕੀਟ ਰੇਟ ’ਤੇ ਫਿਕਸ ਕਰਵਾ ਕੇ ਪਾਰਕ ਵਾਲੇ ਸਥਾਨ ਵਾਲੀ ਜਗ੍ਹਾ ਸਾਢੇ ਤਿੰਨ ਕਨਾਲ ਦਾ ਮਤਾ ਨੰਬਰ 41 ਮਿਤੀ 25-5-2015 ਨੂੰ ਵੇਚ ਦਿੱਤੀ ਸੀ।  ਸ਼ਿਕਾਇਤ ਦੀ ਜਾਂਚ ਉਪਨਿਦੇਸ਼ਕ ਸਥਾਨਕ ਸਰਕਾਰ ਫਿਰੋਜ਼ਪੁਰ ਤੋਂ ਕਰਵਾਈ ਗਈ ਜਾਂਚ ’ਤੇ ਗੌਰ ਨਾਲ ਵਿਚਾਰ ਕਰਨ ਤੋਂ ਬਾਅਦ ਵਿਜੀਲੈਂਸ ਅਧਿਕਾਰੀ ਸਥਾਨਕ ਸਰਕਾਰ ਵੱਲੋਂ ਇਕ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿਚ ਕਿਹਾ ਗਿਆ ਸੀ ਕਿ ਨਗਰ ਕੌਂਸਲ  ਨੇ ਪਾਰਕ ਵਾਲੇ ਸਥਾਨ ਨੂੰ ਇਕ ਮਤੇ ਰਾਹੀਂ ਕਮਰਸ਼ੀਅਲ ਭੂਮੀ ਵਿਚ ਬਿਨਾਂ ਕੀਮਤ ਫਿਕਸ ਕਰਵਾਏ ਬਦਲ ਦਿੱਤਾ ਗਿਆ। ਜ਼ਿਲਾ  ਡਿਪਟੀ ਕਮਿਸ਼ਨਰ ਨੇ ਮਤਾ ਨੰਬਰ 41 ਨੂੰ ਕਮਰਸ਼ੀਅਲ ਭੂਮੀ ਵਿਚ ਬਦਲਣ ਦੇ ਮਤੇ ਨੂੰ ਰੱਦ ਕਰ ਦਿੱਤਾ। ਪ੍ਰਾਪਤ ਰਿਪੋਰਟ  ਅਨੁਸਾਰ ਪ੍ਰਧਾਨ ਨਗਰ ਕੌਂਸਲ ਪ੍ਰਮਿਲ ਕਲਾਨੀ ਨੂੰ ਸਰਕਾਰ ਵੱਲੋਂ 27-12-2017 ਨੂੰ ਇਕ ਪੱਤਰ ਲਿਖ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦਾ ਜਵਾਬ ਪ੍ਰਮਿਲ ਕਾਲਨੀ ਨੇ ਭੇਜ ਦਿੱਤਾ। ਉਪਨਿਦਸ਼ੇਕ ਸਥਾਨਕ ਸਰਕਾਰ ਫਿਰੋਜ਼ਪੁਰ ਨੇ ਸ਼ਿਕਾਇਤ ਸਬੰਧੀ ਪ੍ਰਾਪਤ ਹੋਈ ਜਾਂਚ ਰਿਪੋਰਟ ਜਿਸ ਦੇ ਨਾਲ ਜ਼ਿਲਾ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਆਪਣੇ ਹੁਕਮ 11-4-2017 ਰਾਹੀਂ ਭੇਜੀ ਗਈ ਜਾਂਚ ਰਿਪੋਰਟ ਵੀ ਸ਼ਾਮਲ ਸੀ, ’ਤੇ  ਵਿਚਾਰ ਕਰਨ ਤੋਂ ਬਾਅਦ ਇਹ ਸਾਬਤ ਹੋਇਆ ਕਿ ਸ਼ਿਕਾਇਤਕਰਤਾ ਵੱਲੋਂ ਇਸ ਸਥਾਨ ’ਤੇ ਪਾਰਕ ਹੋਣ ਦੇ ਪੱਕੇ ਪ੍ਰਮਾਣ ਪੇਸ਼ ਕਰਦੇ ਹੋਏ ਸਾਬਤ ਕੀਤਾ ਗਿਆ ਹੈ ਕਿ ਇਸ ਸਥਾਨ ’ਤੇ ਪਾਰਕ ਦਾ ਵਿਕਾਸ ਕੀਤਾ ਗਿਆ ਸੀ।  
ਕੀ ਲਿਖਿਆ ਹੈ ਰਿਪੋਰਟ ’ਚ
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਲਾ  ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਨਗਰ ਕੌਂਸਲ ਦੇ ਪਾਰਕ ਵਾਲੇ ਸਥਾਨ ਨੂੰ ਵਪਾਰਕ ਰੂਪ ਵਿਚ ਤਬਦੀਲ ਕਰਨ ਸਬੰਧੀ ਪਾਇਆ ਗਿਆ ਮਤਾ 25-5-2015 ਨੂੰ ਰੱਦ ਕਰ ਦਿੱਤਾ ਗਿਆ ਸੀ। ਮਤਾ ਖਾਰਜ ਹੋਣ ਕਾਰਨ ਨਗਰ ਕੌਂਸਲ ਵੱਲੋਂ ਮਤਾ ਨੰਬਰ 14 ਮਿਤੀ 12-7-2017 ਨੂੰ ਬੋਲੀਦਾਤਾ ਨੂੰ ਬੋਲੀ ਦੀ ਰਕਮ 18 ਫ਼ੀਸਦੀ ਵਿਆਜ ਦੇਣਾ ਪਾਸ ਕੀਤਾ ਗਿਆ, ਜਿਸ ਕਾਰਨ ਨਗਰ ਕੌਂਸਲ ਨੂੰ ਬਿਨਾਂ ਕਿਸੇ ਕਾਰਨ ਇੰਨੀ ਵੱਡੀ ਕਾਰਵਾਈ ਤੋਂ ਲੰਘਣਾ ਪੈ ਰਿਹਾ ਹੈ ਅਤੇ ਇਸ ਦੇ ਨਾਲ ਹੀ ਨਗਰ ਕੌਂਸਲ ਨੂੰ ਆਰਥਕ ਨੁਕਸਾਨ ਹੋ ਰਿਹਾ ਹੈ।ਨਗਰ ਕੌਂਸਲ ਵੱਲੋਂ ਉਪਰੋਕਤ ਮਤਾ ਪ੍ਰਧਾਨ ਪ੍ਰਮਿਲ ਕਾਲਨੀ ਦੀ ਪ੍ਰਧਾਨਗੀ ਵਿਚ ਪਾਇਆ ਗਿਆ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਧਾਨ ਵੱਲੋਂ ਪ੍ਰਾਪਤ ਹੋਏ ਨੋਟਿਸ ਦੇ ਜਵਾਬ ਦਾ ਨਬੇਡ਼ਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਧਾਨ ਸਕੱਤਰ ਪੰਜਾਬ ਸਰਕਾਰ ਸਥਾਨਕ ਸਰਕਾਰ ਚੰਡੀਗੜ੍ਹ ਵੱਲੋਂ 12-3-2018 ਤੇ ਉਸ ਤੋਂ ਬਾਅਦ 30-4-2028 ਨੂੰ ਨਿੱਜੀ ਸੁਣਵਾਈ ਦੇ ਮੌਕੇ ਦਿੱਤੇ ਗਏ ਪਰ ਪ੍ਰਧਾਨ ਨਗਰ ਕੌਂਸਲ ਉਥੇ ਹਾਜ਼ਰ ਨਹੀਂ ਹੋਏ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਉਪਰੋਕਤ ਹਾਲਤ ਨੂੰ ਸਾਹਮਣੇ ਰੱਖਦੇ ਹੋਏ ਨਗਰ ਕੌਂਸਲ ਪ੍ਰਧਾਨ ਪ੍ਰਮਿਲ ਕਾਲਨੀ ਦੇ ਵਿਰੁੱਧ ਲਾਏ ਗਏ ਦੋਸ਼ ਸਾਬਤ ਹੋਏ ਹਨ, ਜਿਸ ਕਾਰਨ ਪ੍ਰਧਾਨ ਪ੍ਰਮਿਲ ਕਾਲਨੀ ਨਗਰ ਕੌਂਸਲ ਅਬੋਹਰ ਨੂੰ ਮਿਊਂਸੀਪਲ ਐਕਟ 1911 ਦੀ ਧਾਰਾ 22  ਦੇ ਤਹਿਤ ਆਪਣੇ ਅਧਿਕਾਰ ਦਾ ਗਲਤ ਇਸਤੇਮਾਲ ਕਰਨ  ਕਾਰਨ  ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਜਾਂਦਾ ਹੈ। ਇਹ ਪੱਤਰ ਏ. ਵੇਨੂ ਪ੍ਰਸਾਦ ਆਈ. ਏ. ਐੱਸ. ਪ੍ਰਧਾਨ ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ ਸਰਕਾਰ ਵੱਲੋਂ 26 ਜੂਨ 2018 ਨੂੰ ਜਾਰੀ ਕੀਤਾ ਗਿਆ ਹੈ।