ਅਕਾਲੀ ਦਲ ਦੇ ਪ੍ਰਧਾਨ ਨੂੰ ਲਾਹ ਕੇ ਕੌਂਸਲਰਾਂ ਨੇ ਨਰਿੰਦਰ ਗੋਇਲ ਨੂੰ ਚੁਣਿਆ ਨਗਰ ਕੌਂਸਲ ਫਿਲੌਰ ਦਾ ਪ੍ਰਧਾਨ

09/08/2017 7:05:32 AM

ਫਿਲੌਰ  (ਭਟਿਆਰਾ, ਭਾਖੜੀ) - ਨਗਰ ਕੌਂਸਲ ਦਫਤਰ ਫਿਲੌਰ ਵਿਖੇ ਨਗਰ ਕੌਂਸਲ ਦੇ 12 ਕੌਂਸਲਰਾਂ ਨੇ ਸਰਬਸੰਮਤੀ ਨਾਲ ਨਰਿੰਦਰ ਕੁਮਾਰ ਗੋਇਲ ਨੂੰ ਨਗਰ ਕੌਂਸਲ ਦਾ ਨਵਾਂ ਪ੍ਰਧਾਨ ਚੁਣ ਲਿਆ ਹੈ। ਨਰਿੰਦਰ ਕੁਮਾਰ ਗੋਇਲ 27 ਮਾਰਚ 2003 ਤੋਂ 18 ਮਾਰਚ 2008 ਤੱਕ ਪਹਿਲਾਂ ਵੀ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ। ਪ੍ਰਧਾਨ ਚੁਣਨ ਦੀ ਚੋਣ ਦੀ ਸਾਰੀ ਕਾਰਵਾਈ ਐੱਸ. ਡੀ. ਐੱਮ. ਫਿਲੌਰ ਵਰਿੰਦਰਪਾਲ ਸਿੰਘ ਬਾਜਵਾ ਦੀ ਨਿਗਰਾਨੀ ਹੇਠ ਹੋਈ। ਸ਼ਹਿਰ ਦੇ 15 ਵਾਰਡਾਂ 'ਚੋਂ 12 ਕੌਂਸਲਰ ਮੌਜੂਦ ਸਨ ਜਦ ਕਿ 2 ਮਹਿਲਾ ਕੌਂਸਲਰ ਨੀਤੂ ਡਾਵਰ ਅਤੇ ਅਨੀਤਾ ਫਿਲੌਰ ਗੈਰ ਹਾਜ਼ਰ ਸਨ ਅਤੇ ਪਹਿਲਾ ਪ੍ਰਧਾਨ ਰਹੇ ਕੌਂਸਲਰ ਬਿੱਟੂ ਮਦਾਨ ਵਿਦੇਸ਼ 'ਚ ਹਨ। ਦੱਸਣਯੋਗ ਹੈ ਕਿ ਪਹਿਲਾਂ 2 ਸਾਲ ਸੂਰਜਮਨੀ ਮਦਾਨ (ਬਿੱਟੂ ਮਦਾਨ) ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਫਾਰਗ ਕੀਤਾ ਜਾ ਚੁੱਕਾ ਹੈ, ਜਿਸ ਕਾਰਨ ਹੁਣ ਦੁਬਾਰਾ ਪ੍ਰਧਾਨ ਦੀ ਚੋਣ ਕੀਤੀ ਗਈ ਹੈ। ਗੋਇਲ ਦੇ ਪ੍ਰਧਾਨ ਬਣਨ ਮੌਕੇ ਸੰਤੋਖ ਸਿੰਘ ਚੌਧਰੀ ਮੈਂਬਰ ਪਾਰਲੀਮੈਂਟ ਅਤੇ ਵਿਕਰਮਜੀਤ ਸਿੰਘ ਚੌਧਰੀ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਵੀ ਮੌਕੇ 'ਤੇ ਮੌਜੂਦ ਸਨ। ਇਸ ਮੌਕੇ ਸ਼੍ਰੀ ਗੋਇਲ ਨੇ ਕੌਂਸਲਰਾਂ ਅਤੇ ਮੌਜੂਦ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਪੂਰੀ ਤਨਦੇਹੀ ਨਾਲ ਸ਼ਹਿਰ ਦੇ ਵਿਕਾਸ ਲਈ ਮਿਹਨਤ ਕਰਨਗੇ। ਇਸ ਮੌਕੇ ਸਾਰੇ ਕੌਂਸਲਰ ਹਾਜ਼ਰ ਸਨ।