ਰਾਸ਼ਟਰਪਤੀ ਚੋਣ ਲਈ ਪੰਜਾਬ ਵਿਧਾਨ ਸਭਾ ''ਚ ਵੋਟਿੰਗ ਜਾਰੀ, ਕੈਪਟਨ ਅਮਰਿੰਦਰ ਨੇ ਪਾਈ ਵੋਟ

07/17/2017 2:55:29 PM

ਚੰਡੀਗੜ੍ਹ— ਦੇਸ਼ ਦੇ 14ਵੇਂ ਰਾਸ਼ਟਰਪਤੀ ਦੀ ਚੋਣ ਲਈ ਪੰਜਾਬ ਵਿਧਾਨ ਸਭਾ ਵਿਚ ਵੋਟਿੰਗ ਜਾਰੀ ਹੈ। ਹੁਣ ਤੱਕ 114 ਵਿਧਾਇਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਹਨ। ਵਿਧਾਨ ਸਭਾ ਵਿਚ ਸਵੇਰੇ 10 ਵਜੇ ਵੋਟਿੰਗ ਸ਼ੁਰੂ ਹੋਈ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੋਟ ਪਾ ਦਿੱਤੀ ਹੈ। ਫਿਲਹਾਲ ਪੰਜਾਬ ਤੋਂ ਸਿਰਫ 3 ਵਿਧਾਇਕਾਂ ਦੀ ਵੋਟ ਪੈਣ ਵਾਲੀ ਹੈ, ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਅਤੇ ਦੋ ਹੋਰ ਮੈਂਬਰ ਸ਼ਾਮਲ ਹਨ। 
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਕਾਂਗਰਸ ਦੇ ਵਿਧਾਇਕਾਂ ਨਾਲ ਬ੍ਰੈਕਫਾਸਟ ਮੀਟਿੰਗ ਕੀਤੀ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਪੰਜਾਬ ਭਵਨ ਵਿਚ ਇਕੱਠੇ ਹੋਏ। 
ਦੂਜੇ ਪਾਸੇ ਹਰਿਆਣਾ ਦੀ ਵਿਧਾਨ ਸਭਾ ਵਿਚ ਵੀ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕਮਲ ਗੁਪਤਾ ਅਤੇ ਲਤਿਕਾ ਸ਼ਰਮਾ ਸਭ ਤੋਂ ਪਹਿਲਾਂ ਵੋਟ ਪਾਉਣ ਵਾਲਿਆਂ ਵਿਚ ਸ਼ਾਮਲ ਹਨ। 
ਇੱਥੇ ਦੱਸ ਦੇਈਏ ਕਿ ਰਾਸ਼ਟਰਪਤੀ ਚੋਣ ਲਈ ਐੱਨ. ਡੀ. ਓ. ਵੱਲੋਂ ਰਾਮ ਨਾਥ ਕੋਵਿੰਦ ਅਤੇ ਕਾਂਗਰਸ ਸਮੇਤ 17 ਵਿਰੋਧੀ ਦਲਾਂ ਦੀ ਉਮੀਦਵਾਰ ਮੀਰਾ ਕੁਮਾਰ ਵਿਚਕਾਰ ਸਿੱਧਾ ਮੁਕਾਬਲਾ ਹੈ।