ਘਰਾਂ ''ਚ ਡੇਂਗੂ ਦਾ ਲਾਰਵਾ ਮਿਲਣ ਕਾਰਨ ਨਿਗਮ ਨੇ ਕੱਟੇ ਚਲਾਨ

07/28/2017 6:51:05 AM

ਫਗਵਾੜਾ, (ਜਲੋਟਾ,ਚਾਨਾ)- ਸੀਨੀਅਰ ਮੈਡੀਕਲ ਅਫ਼ਸਰ ਡਾ. ਦਵਿੰਦਰ ਸਿੰਘ ਸਿਵਲ ਹਸਪਤਾਲ ਫਗਵਾੜਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਹਿਰ ਦੇ ਮੁਹੱਲੇ ਗੁਰੂ ਨਾਨਕ ਪੁਰਾ, ਪ੍ਰੇਮ ਨਗਰ, ਮਾ. ਸਾਧੂ ਰਾਮ ਕਾਲੋਨੀ, ਖੇੜਾ ਰੋਡ ਆਦਿ ਵਿਖੇ ਐਂਟੀ ਲਾਰਵਾ ਦੀ ਟੀਮ ਵਲੋਂ ਘਰ-ਘਰ ਜਾ ਕੇ ਲੋਕਾਂ ਦੇ ਕੂਲਰ, ਗਮਲੇ, ਫ਼ਰਿੱਜਾਂ ਦੀਆਂ ਟ੍ਰੇਆਂ ਆਦਿ ਚੈੱਕ ਕੀਤੀਆਂ ਗਈਆਂ। ਕੂਲਰਾਂ 'ਚੋਂ ਪਾਣੀ ਸਾਫ਼ ਕਰਵਾਇਆ ਗਿਆ। ਡੇਂਗੂ ਦਾ ਲਾਰਵਾ ਜਿਨ੍ਹਾਂ ਘਰਾਂ 'ਚੋਂ ਪਾਇਆ ਗਿਆ ਉਨ੍ਹਾਂ ਦੇ ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਚਲਾਨ ਕੱਟੇ ਗਏ। ਇਸ ਸਮੇਂ ਬਲਿਹਾਰ ਚੰਦ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਫ਼ੈਲਾਉਣ ਵਾਲਾ ਮੱਛਰ ਖੜ੍ਹੇ ਸਾਫ਼ ਪਾਣੀ 'ਤੇ ਪੈਦਾ ਹੁੰਦਾ ਹੈ ਜਿਵੇਂ ਕਿ ਘਰਾਂ ਦੇ ਕੂਲਰਾਂ 'ਚ, ਗਮਲਿਆਂ, ਟੁੱਟੇ-ਫੁੱਟੇ ਭਾਂਡਿਆਂ ਆਦਿ 'ਚ ਖ਼ੜ੍ਹਾ ਪਾਣੀ । ਇਸ ਬੁਖ਼ਾਰ ਤੋਂ ਬਚਣ ਲਈ ਸਾਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ, ਜਦਕਿ ਖੜ੍ਹੇ ਪਾਣੀ 'ਤੇ ਕਾਲਾ ਜਲਿਆ ਤੇਲ ਪਾਓ, ਕੂਲਰਾਂ ਦਾ ਪਾਣੀ ਹਫ਼ਤੇ 'ਚ ਇਕ ਦਿਨ ਜ਼ਰੂਰ ਸਾਫ਼ ਕਰੋ ਅਤੇ ਚੰਗੀ ਤਰ੍ਹਾਂ ਸੁਕਾਓ, ਗਮਲਿਆਂ ਦਾ ਪਾਣੀ ਹਰ ਰੋਜ਼ ਬਦਲੋ, ਰਾਤ ਨੂੰ ਸੌਣ ਵੇਲੇ ਮੱਛਰਦਾਨੀਆਂ ਲਗਾ ਕੇ, ਮੱਛਰ ਭਜਾਓ ਕਰੀਮਾਂ ਲਗਾ ਕੇ ਅਤੇ ਪੂਰੀਆਂ ਬਾਂਹਾਂ ਦੇ ਕੱਪੜੇ ਪਾ ਕੇ ਆਦਿ ਇਸ ਤੋਂ ਬਚਾਓ ਕਰੋ। ਬੁਖਾਰ ਹੋਣ 'ਤੇ ਆਪਣੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਜਾ ਕੇ ਆਪਣੇ ਖ਼ੂਨ ਦੀ ਜਾਂਚ ਕਰਵਾਓ ਅਤੇ ਡਾਕਟਰ ਦੀ ਸਲਾਹ ਅਨੁਸਾਰ ਪੂਰਾ ਇਲਾਜ ਕਰਵਾਓ। ਸਾਰੇ ਸਰਕਾਰੀ ਹਸਪਤਾਲਾਂ 'ਚ ਡੇਂਗੂ ਬੁਖ਼ਾਰ ਦਾ ਟੈਸਟ ਅਤੇ ਇਸਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਲਾਰਵਾ ਟੀਮ ਵਲੋਂ ਖੜ੍ਹੇ ਪਾਣੀ 'ਤੇ ਦਵਾਈਆਂ ਦਾ ਛਿੜਕਾਅ ਵੀ ਕੀਤਾ ਗਿਆ। ਇਸ ਮੌਕੇ ਡੇਂਗੂ ਦਾ ਲਾਰਵਾ ਘਰਾਂ 'ਚੋਂ ਮਿਲਣ 'ਤੇ ਨਗਰ ਨਿਗਮ ਕਰਮਚਾਰੀ ਰਾਜੇਸ਼ ਸਾਹਨੀ ਨੇ ਚਲਾਨ ਕੱਟੇ। ਇਸ ਕੰਮ ਨੂੰ ਬਲਬੀਰ ਸਿੰਘ, ਬਲਵਿੰਦਰ ਕੁਮਾਰ, ਰਾਜ ਕੁਮਾਰ, ਤੀਰਥ ਰਾਮ ਆਦਿ ਬਰੀਡਿੰਗ ਚੈਕਰਾਂ ਨੇ ਨੇਪਰੇ ਚਾੜ੍ਹਿਆ।