ਪੰਜਾਬ ’ਚ ਘਰ ਬੈਠੇ ਸ਼ਰਾਬ ਸਪਲਾਈ ਦੀ ਤਿਆਰੀ

01/31/2020 11:25:17 PM

ਚੰਡੀਗਡ਼੍ਹ, (ਅਸ਼ਵਨੀ)– ਪੰਜਾਬ ’ਚ ਹੁਣ ਘਰ ਬੈਠੇ ਹੀ ਸ਼ਰਾਬ ਮਿਲੇਗੀ। ਸਰਕਾਰ ਨੇ ਸੂਬੇ ’ਚ ਆਨਲਾਈਨ ਸ਼ਰਾਬ ਦੀ ਵਿਕਰੀ ਦਾ ਖਾਕਾ ਤਿਆਰ ਕਰ ਦਿੱਤਾ ਹੈ। ਬਾਕਾਇਦਾ ਮੋਹਾਲੀ ਤੋਂ ਇਹ ਯੋਜਨਾ ਲਾਗੂ ਹੋਣ ਜਾ ਰਹੀ ਹੈ। ਸ਼ੁੱਕਰਵਾਰ ਨੂੰ ਜਾਰੀ ਪੰਜਾਬ ਐਕਸਾਈਜ਼ ਪਾਲਿਸੀ ’ਚ ਇਸ ਯੋਜਨਾ ਦਾ ਟੀਚਾ ਦਿੱਤਾ ਗਿਆ ਹੈ। ਪਾਲਿਸੀ ’ਚ ਕਿਹਾ ਗਿਆ ਹੈ ਕਿ ਪ੍ਰਯੋਗ ਦੇ ਤੌਰ ’ਤੇ ਸਰਕਾਰ ਮੋਹਾਲੀ ਸ਼ਹਿਰ ’ਚ ਆਨਲਾਈਨ ਹੋਮ ਡਲਿਵਰੀ ਦਾ ਆਗਾਜ਼ ਕਰ ਸਕਦੀ ਹੈ। ਇਸ ਲਈ ਰਿਟੇਲ ਲਾਇਸੈਂਸਧਾਰਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਜੇਕਰ ਕਿਸੇ ਲਾਇਸੈਂਸਧਾਰਕ ਨੇ ਇਤਰਾਜ਼ ਨਾ ਕੀਤਾ ਤਾਂ ਸ਼ਹਿਰ ਦੇ ਬਾਸ਼ਿੰਦੇ ਆਨਲਾਈਨ ਪਲੇਟਫਾਰਮ ਦੇ ਜ਼ਰੀਏ ਸ਼ਰਾਬ ਮੰਗਵਾ ਸਕਣਗੇ।

ਮਹਿੰਗੀ ਹੋਵੇਗੀ ਸ਼ਰਾਬ-ਬੀਅਰ

ਪਾਲਿਸੀ ’ਚ ਰਾਜ ਸਰਕਾਰ ਨੇ ਪ੍ਰਤੀ ਬੋਤਲ ਐਕਸਾਈਜ਼ ਡਿਊਟੀ ’ਚ ਵਾਧਾ ਕੀਤਾ ਹੈ। ਇਸ ਤਹਿਤ ਕੰਟਰੀ ਲੀਕਰ ’ਤੇ 5 ਰੁਪਏ ਪ੍ਰਤੀ ਬੋਤਲ, ਇੰਡੀਅਨ ਮੇਡ ਫਾਰੇਨ ਲੀਕਰ ’ਤੇ 4 ਰੁਪਏ ਪ੍ਰਤੀ ਬੋਤਲ ਅਤੇ ਬੀਅਰ ’ਤੇ 2 ਰੁਪਏ ਪ੍ਰਤੀ ਬੋਤਲ ਦਾ ਵਾਧਾ ਕੀਤਾ ਗਿਆ ਹੈ। ਉਥੇ ਹੀ, ਹੋਲਸੇਲ ’ਚ ਦੇਸੀ ਸ਼ਰਾਬ ’ਤੇ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਪਰ ਅੰਗਰੇਜ਼ੀ ਸ਼ਰਾਬ ’ਤੇ 5 ਫੀਸਦੀ ਅਤੇ ਸਟਰਾਂਗ ਬੀਅਰ ’ਤੇ ਪ੍ਰਤੀ ਬੈਰਲ 62 ਰੁਪਏ ਤੋਂ ਵਧਾ ਕੇ 68 ਰੁਪਏ ਐਕਸਾਈਜ਼ ਡਿਊਟੀ ਵਸੂਲੀ ਜਾਵੇਗੀ। ਇਸ ਕਡ਼ੀ ’ਚ ਬਾਟਲਿੰਗ ਫੀਸ ’ਚ ਵੀ ਵਾਧਾ ਕੀਤਾ ਗਿਆ ਹੈ। ਨਾਲ ਹੀ ਪਿਛਲੇ ਸਾਲ ਦੇ ਮੁਕਾਬਲੇ 12 ਫੀਸਦੀ ਵਾਧੂ ਧਨ ਰਾਸ਼ੀ ਦੇ ਕੇ ਠੇਕਦਾਰਾਂ ਨੂੰ ਆਪਣਾ ਠੇਕਾ ਕਾਇਮ ਰੱਖਣ ਦੀ ਵਿਵਸਥਾ ਵੀ ਕੀਤੀ ਗਈ ਹੈ।

6250 ਕਰੋਡ਼ ਰੁਪਏ ਦੀ ਕਮਾਈ ਦਾ ਟੀਚਾ

ਪੰਜਾਬ ਸਰਕਾਰ ਨੇ ਇਸ ਵਾਰ ਐਕਸਾਈਜ਼ ਪਾਲਿਸੀ ਜ਼ਰੀਏ 6250 ਕਰੋਡ਼ ਰੁਪਏ ਦੀ ਕਮਾਈ ਦਾ ਟੀਚਾ ਰੱਖਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਹ ਆਮਦਨ 574 ਕਰੋਡ਼ ਰੁਪਏ ਜ਼ਿਆਦਾ ਹੈ। 2019-20 ’ਚ ਸਰਕਾਰ ਨੇ ਐਕਸਾਈਜ਼ ਪਾਲਿਸੀ ਦੇ ਜ਼ਰੀਏ 5676 ਕਰੋਡ਼ ਰੁਪਏ ਕਮਾਈ ਦਾ ਟੀਚਾ ਰੱਖਿਆ ਸੀ।

756 ਗਰੁੱਪ, 5835 ਠੇਕੇ

ਪਾਲਿਸੀ ’ਚ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਪੰਜਾਬ ’ਚ 756 ਗਰੁੱਪ ਹੋਣਗੇ। ਉਥੇ ਹੀ ਠੇਕਿਆਂ ਦੀ ਗਿਣਤੀ ਵੀ ਪਿਛਲੇ ਸਾਲ ਦੀ ਤਰ੍ਹਾਂ 5835 ਰਹੇਗੀ। ਇਸ ਵਾਰ ਰਿਟੇਲ ਠੇਕਿਆਂ ਤੋਂ 4850 ਕਰੋਡ਼ ਰੁਪਏ ਘੱਟੋ-ਘੱਟ ਗਾਰੰਟੀ ਰੈਵੇਨਿਊ ਇਕੱਠਾ ਹੋਣ ਦੀ ਉਮੀਦ ਹੈ, ਜੋ ਕਿ 2019-20 ’ਚ 4529. 40 ਕਰੋਡ਼ ਰੁਪਏ ਸੀ। ਇਹ ਕਰੀਬ 8 ਫੀਸਦੀ ਜ਼ਿਆਦਾ ਹੋਵੇਗਾ।


Bharat Thapa

Content Editor

Related News