ਸਹੌਲੀ ਦੇ ਮ੍ਰਿਤਕ ਕਿਸਾਨ ਦੇ ਪਰਿਵਾਰ ਨਾਲ ਪਰਨੀਤ ਕੌਰ ਨੇ ਦੁੱਖ ਕੀਤਾ ਸਾਂਝਾ, ਮਾਲੀ ਮਦਦ ਦੇਣ ਦਾ ਦਿੱਤਾ ਭਰੋਸਾ

12/17/2020 2:46:16 PM

ਭਾਦਸੋਂ/ਪਟਿਆਲਾ (ਅਵਤਾਰ) : ਬੀਤੇ ਦਿਨੀਂ ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ ਸਹੌਲੀ ਦੇ ਪਾਲ ਸਿੰਘ ਦੇ ਪਰਿਵਾਰ ਨਾਲ ਪਟਿਆਲਾ ਦੇ ਕਮਿਸ਼ਨਰ ਚੰਦਰ ਗੈਂਦ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੁੱਖ ਸਾਂਝਾ ਕੀਤਾ। ਇਸ ਮੌਕੇ ਮੈਂਬਰ ਲੋਕ ਸਭਾ ਪਟਿਆਲਾ  ਪਰਨੀਤ ਕੌਰ ਵੱਲੋਂ ਵੀਡਿਓ ਕਾਲ ਦੇ ਜ਼ਰੀਏ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੁਸ਼ਕਲ ਘੜੀ ’ਚ ਕਿਸਾਨ ਪਰਿਵਾਰਾਂ ਨਾਲ ਡੱਟ ਕੇ ਖੜ੍ਹੇ ਹਨ। ਇਸ ਦੌਰਾਨ ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਪਰਿਵਾਰ ਨੂੰ 5 ਲੱਖ ਰੁਪਏ ਦੀ ਮਾਲੀ ਮਦਦ ਜਲਦ ਦਿੱਤੀ ਜਾਵੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਮ੍ਰਿਤਕ ਪਾਲ ਸਿੰਘ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦਾ ਪ੍ਰਸਤਾਵ ਸਰਕਾਰ ਨੂੰ ਲ਼ਿਖਕੇ ਭੇਜਿਆ ਜਾਵੇਗਾ । ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬੁਰੀ ਖ਼ਬਰ : ਸਹੌਲੀ ਦੇ 60 ਸਾਲਾ ਬਜ਼ੁਰਗ ਦੀ ਸਿੰਘੂ ਬਾਰਡਰ ''ਤੇ ਹਾਰਟ ਅਟੈਕ ਨਾਲ ਮੌਤ

ਇਥੇ ਜਿਕਰਯੋਗ ਹੈ ਕਿ ਮ੍ਰਿਤਕ ਪਾਲ ਸਿੰਘ ਦੀ 102 ਸਾਲ ਦੇ ਕਰੀਬ ਮਾਤਾ ਬਚਨ ਕੌਰ, ਪਤਨੀ ਅਮਰਜੀਤ ਕੌਰ ਅਤੇ ਇੱਕ ਬੇਟਾ ਮਨਦੀਪ ਸਿੰਘ ਅਤੇ ਨੂੰਹ ਹਨ ਜੋ ਕਿ ਆਰਥਿਕ ਤੌਰ ’ਤੇ ਵੀ ਬਹੁਤ ਕਮਜ਼ੋਰ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਭਾ ਹਲਕੇ ਦੇ ਇੰਚਾਰਜ ਕਬੀਰ ਦਾਸ , ਸਮਾਜ ਸੇਵੀ ਬਘੇਲ ਸਿੰਘ ਜਾਤੀਵਾਲ , ਸ਼ਹਿਰੀ ਪ੍ਰਧਾਨ ਰਮੇਸ਼ ਗੁਪਤਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਲੋਂ ਹਰ ਤਰ੍ਹਾਂ ਦੀ ਸੰਭਵ ਮਦਦ  ਕਰਨ ਦਾ ਭਰੋਸਾ ਦਿੱਤਾ । ਦੱਸਣਯੋਗ ਹੈ ਕਿ ਥਾਣਾ ਭਾਦਸੋਂ ਅੰਦਰ ਪੈਂਦੇ ਪਿੰਡ ਸਹੌਲੀ ਦੇ ਕਿਸਾਨ ਪਾਲ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਮ੍ਰਿਤਕ ਕਿਸਾਨ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਾਲ ਸਿੰਘ ਪੁਤਰ ਜੋਰਾ ਸਿੰਘ ਵਾਸੀ ਸਹੌਲੀ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ 'ਚ ਸ਼ਾਮਲ ਹੋਏ ਸਨ। ਮ੍ਰਿਤਕ ਕਿਸਾਨ ਪਾਲ ਸਿੰਘ ਦਾ ਪੋਸਟਮਾਰਟਮ ਸੋਨੀਪਤ ਹਸਪਤਾਲ 'ਚ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਬੁਲੰਦ ਹੌਂਸਲਿਆਂ ਨੂੰ ਸਲਾਮ, ਹੱਥ ਨਾ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ’ਚ ਡਟਿਆ ਇਹ ਨੌਜਵਾਨ

Anuradha

This news is Content Editor Anuradha