ਚੰਦੂਮਾਜਰਾ ਦਾ ਕੈਪਟਨ ਨੂੰ ਸਵਾਲ, 2 ਸਾਲ ਕਿਉਂ ਰਹੇ ਚੁੱਪ (ਵੀਡੀਓ)

02/23/2019 11:00:00 AM

ਫਤਿਹਗੜ੍ਹ ਸਾਹਿਬ (ਜਗਦੇਵ)— ਬੇਅਦਬੀ ਮਾਮਲੇ 'ਤੇ ਕੈਪਟਨ ਸਰਕਾਰ ਵੱਲੋਂ ਸਿਰਫ ਅਤੇ ਸਿਰਫ ਸਿਆਸੀ ਰੋਟੀਆਂ ਸੇਕਣ, ਆਪਣੀਆਂ ਨਾਕਾਮੀਆਂ ਲੁਕਾਉਣ ਲਈ ਬੇਲੋੜੇ ਵਿਵਾਦ ਅਤੇ ਮੁੱਦੇ ਖੜ੍ਹੇ ਕੀਤੇ ਜਾ ਰਹੇ ਹਨ।  ਕੈਪਟਨ ਅਮਰਿੰਦਰ ਸਿੰਘ ਬਦਲਾਖੋਰੀ ਦੀ ਰਾਜਨੀਤੀ 'ਤੇ ਉੱਤਰੇ ਹੋਏ ਹਨ, ਜੋ ਬਾਦਲ ਨੂੰ ਗ੍ਰਿਫਤਾਰ ਕਰਨ ਦਾ ਬਣਾਇਆ ਜਾ ਰਿਹਾ ਮਾਹੌਲ ਲੋਕਤੰਤਰ ਲਈ ਵੱਡੀ ਖਤਰੇ ਦੀ ਘੰਟੀ ਹੈ, ਕਿਉਂÎਕਿ ਕਾਂਗਰਸ ਸਰਕਾਰ 'ਚ ਅੰਦਰੋ-ਅੰਦਰੀ ਹੀ ਬਗਾਵਤ ਫੈਲੀ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਬੀਤੇ ਦਿਨ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਕੋਲ ਬਾਦਲਾਂ ਖਿਲਾਫ ਪੁਖਤਾ ਸਬੂਤ ਹਨ ਤਾਂ 2 ਸਾਲ ਕੀ ਕਰਦੇ ਰਹੇ?

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਾ ਆਉਣ ਵਾਲੇ ਪਾਕਿਸਤਾਨ ਦੀ ਜਦੋਂ ਤੱਕ ਸੰਘੀ ਨਹੀਂ ਘੁੱਟੀ ਜਾਂਦੀ, ਉਦੋਂ ਤੱਕ ਭਾਰਤ ਚੁੱਪ ਨਹੀਂ ਬੈਠੇਗਾ। ਭਾਰਤ ਨਹੀਂ ਚਾਹੁੰਦਾ ਕਿ ਨਿੱਤ ਦਿਨ ਭਾਰਤ ਦੇ ਫੌਜੀ ਜਵਾਨਾਂ ਦੀਆਂ ਸ਼ਹੀਦੀਆਂ ਹੋਣ। ਉਨ੍ਹਾਂ ਨੇ ਕਿਹਾ ਕਿ ਬੌਖਲਾਹਟ 'ਚ ਆਏ ਪਾਕਿਸਤਾਨ 'ਤੇ ਹੁਣ ਚਹੁੰ ਪਾਸਿਓਂ ਸ਼ਿਕੰਜਾ ਕੱਸਣ ਲਈ ਮਜਬੂਰ ਹੋਣਾ ਪਿਆ ਹੈ ਅਤੇ ਜਲਦੀ ਹੀ ਪਾਕਿ ਦੁਨੀਆ ਦੇ ਨਕਸ਼ੇ ਤੋਂ ਵੱਖ ਹੋ ਕੇ ਰਹਿ ਜਾਵੇਗਾ। ਚੰਦੂਮਾਜਰਾ ਨੇ ਪਾਕਿਸਤਾਨ ਨੂੰ ਜਾਂਦੇ ਪਾਣੀ ਨੂੰ ਰੋਕਣ ਦੇ ਮੁੱਦੇ 'ਤੇ ਕਿਹਾ ਕਿ ਜਦੋਂ ਸੂਬਿਆਂ ਵੱਲੋਂ ਆਪਣੇ ਪਾਣੀਆਂ 'ਤੇ ਹੱਕ ਜਤਾਇਆ ਜਾਂਦਾ ਹੈ ਤਾਂ ਦੇਸ਼ ਨੂੰ ਵੀ ਆਪਣਾ ਹੱਕ ਜਤਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕੇਂਦਰੀ ਜਲ ਵਸੀਲਾ ਮੰਤਰੀ ਨਿਤਿਨ ਗਡਕਰੀ ਵੱਲੋਂ ਪਾਕਿਸਤਾਨ ਨੂੰ ਜਾ ਰਹੇ ਪਾਣੀ ਰੋਕੇ ਜਾਣ ਦੇ ਫੈਸਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਇਸ ਨਾਲ ਕੰਢੀ ਏਰੀਆ, ਨੀਮ ਪਹਾੜੀ ਏਰੀਆ ਅਤੇ ਦਸਮੇਸ਼ ਨਹਿਰ ਜੋ ਕਿਸੇ ਸਮੇਂ ਨਿਰਮਾਣ ਲਈ ਸੋਚੀ ਗਈ ਸੀ, ਇਸ ਨਹਿਰ ਨਾਲ ਬਹੁਤ ਵੱਡੇ ਖੇਤਰ ਨੂੰ ਸਿੰਚਾਈ ਯੋਗ ਬਣਾਇਆ ਜਾ ਸਕਦਾ ਹੈ ਅਤੇ ਇਸ ਨਾਲ ਪੰਜਾਬ ਅਤੇ ਹਰਿਆਣੇ ਦੇ ਪਾਣੀ ਦੇ ਝਗੜੇ ਮੁੱਕ ਸਕਦੇ ਹਨ। ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ 6 ਹਜ਼ਾਰ ਰੁਪਏ ਪ੍ਰਤੀ ਸਾਲ ਕਿਸਾਨਾਂ ਨੂੰ ਦਿੱਤੇ ਜਾਣ ਦੀ ਸ਼ਲਾਘਾ ਕਰਦੇ ਕਿਹਾ ਕਿ ਰਾਜ ਸਰਕਾਰ ਵੀ ਆਪਣੇ ਕੋਲੋਂ 6 ਹਜ਼ਾਰ ਰੁਪਏ ਪਾ ਕੇ ਕਿਸਾਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰੇ। 

ਇਸ ਮੌਕੇ ਜਗਦੀਪ ਸਿੰਘ ਚੀਮਾ, ਮੁਲਾਜ਼ਮ ਆਗੂ ਕਰਮਜੀਤ ਸਿੰਘ ਭਗੜਾਣਾ, ਬਲਜੀਤ ਸਿੰਘ ਭੁੱਟਾ, ਅੰਮ੍ਰਿਤਪਾਲ ਸਿੰਘ ਰਾਜੂ, ਗੁਰਮੁੱਖ ਸਿੰਘ ਸੁਹਾਗਹੇੜੀ, ਪ੍ਰਦੀਪ ਸਿੰਘ ਕਲੌੜ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਜਥੇ. ਕੁਲਵੰਤ ਸਿੰਘ ਖਰੋੜਾ ਸਮੇਤ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਆਗੂ ਹਾਜ਼ਰ ਸਨ।

shivani attri

This news is Content Editor shivani attri