ਸਰਕਾਰ ਵਲੋਂ ਹੜ ਪ੍ਰਭਾਵਿਤ ਲੋਕਾਂ ਲਈ ਐਲਾਨੀ ਰਾਸ਼ੀ ਇਕ ਕੋਝਾ ਮਜ਼ਾਕ: ਚੰਦੂਮਾਜਰਾ

08/26/2019 10:35:12 PM

ਮੋਹਾਲੀ, (ਪਰਦੀਪ) : ਸ਼੍ਰੋਮਣੀ ਅਕਾਲੀ ਦਲ ਜਨਰਲ ਸਕੱਤਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਮੂਹ ਅਕਾਲੀ ਲੀਡਰਸ਼ਿਪ ਦੀ ਯੋਗ ਅਗਵਾਈ ਵਿਚ ਗੁਰਦੁਆਰਾ ਸਿੰਘ ਸ਼ਹੀਦਾਂ (ਸੋਹਾਣਾ) ਤੋਂ  ਹੜ ਪ੍ਰਭਾਵਿਤ ਖੇਤਰ ਸ੍ਰੀ ਆਨੰਦਪੁਰ ਸਾਹਿਬ, ਰੋਪਡ਼ ਆਦਿ ਲਈ 10 ਟਰੱਕ ਰਾਹਤ ਸਮੱਗਰੀ ਦੀ ਵੱਡੀ ਖੇਪ ਪੀਡ਼ਤ ਲੋਕਾਂ ਦੀ ਮੱਦਦ ਲਈ ਭੇਜੀ ਗਈ।

ਇਸ ਮੌਕੇ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਹੜ ਦੇ ਕਾਰਨ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਇਨ੍ਹਾਂ ਪ੍ਰਭਾਵਿਤ ਲੋਕਾਂ ਨੂੰ ਇਸ ਵੇਲੇ ਮਦਦ ਦੀ ਵੱਡੀ ਲੋਡ਼ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸੰਗਤਾਂ ਦੇ ਵਿਸ਼ੇਸ ਸਹਿਯੋਗ ਨਾਲ ਲੋਕਾਂ ਦੇ ਖਾਣ-ਪੀਣ ਅਤੇ ਜ਼ਰੂਰੀ ਵਸਤਾਂ ’ਚ ਆਟਾ, ਦਾਲਾਂ, ਚਾਵਲ, ਪਾਣੀ, ਬਿਸਕੁਟ, ਬਰੈੱਡ, ਮੱਛਰਦਾਨੀਆਂ, ਬਿਸਤਰੇ, ਕੱਪਡ਼ੇ, ਦਵਾਈਆਂ, ਸਾਬਣ, ਤੇਲ ਤੇ ਹੋਰ ਲੋਡ਼ਵੰਦਾਂ ਵਸਤਾਂ ਭੇਜੀਆਂ ਗਈਆਂ ਹਨ। ਇਸ ਦੇ ਨਾਲ ਹੀ ਕੁਝ ਸੇਵਾਦਾਰ ਵੀ ਭੇਜੇ ਗਏ ਹਨ, ਜੋ ਇਸ ਰਾਹਤ ਸਮੱਗਰੀ ਨੂੰ ਪ੍ਰਭਾਵਿਤ ਲੋਕਾਂ ਨੂੰ ਸੌਂਪਣਗੇ।

ਇਸ ਸਮੇਂ ਚੰਦੂਮਾਜਰਾ ਨੇ  ਹੜ ਪ੍ਰਭਾਵਿਤ ਖੇਤਰ ਦੇ ਲੋਕਾਂ ਦੇ ਵਸੇਬੇ ਨੂੰ ਮੁਡ਼ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੂੰ ਫਸਲਾਂ, ਮਾਲ ਡੰਗਰ ਅਤੇ ਘਰਾਂ ਦੇ ਨੁਕਸਾਨ ਦੀ ਪੂਰਤੀ ਕਰਨ ਅਤੇ ਬਣਦਾ ਮੁਆਵਜਾ ਦੇਣ ਦੀ ਵੀ ਮੰਗ ਕੀਤੀ। ਇਸ ਮੌਕੇ ਅਕਾਲੀ ਲੀਡਰ ਨੇ ਹੜ ਪ੍ਰਭਾਵਿਤ ਲੋਕਾਂ ਪ੍ਰਤੀ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ’ਤੇ ਸਵਾਲ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਹੜ ਦੀ ਮਾਰ ਹੇਠ ਆਏ ਲੋਕਾਂ ਲਈ ਕੋਈ ਵੱਡੀ ਰਾਹਤ ਪ੍ਰਦਾਨ ਨਹੀਂ ਕਰਵਾਈ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਆਪਣੀ ਐੱਮ. ਐੱਲ. ਏ. ਤਨਖਾਹ ਵਿਚੋਂ  ਹੜ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਰਾਹਤ ਸਮੱਗਰੀ ਖਰੀਦ ਕੇ ਭੇਜੀ ਗਈ। ਇਸ ਮੌਕੇ ਵਿਧਾਇਕ ਚੰਦੂਮਾਜਰਾ ਨੇ ਪੰਜਾਬ ਸਰਕਾਰ ਵਲੋਂ  ਹੜ ਪ੍ਰਭਾਵਿਤ ਖੇਤਰਾਂ ਲਈ ਜਾਰੀ ਕੀਤੀ ਵਿੱਤੀ ਰਾਸ਼ੀ ਨੂੰ ਮਾਮੂਲੀ ਰਾਸ਼ੀ ਦੱਸਦੇ ਹੋਏ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨਾਲ ਇਹ ਰਾਸ਼ੀ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ ਪ੍ਰਭਾਵਿਤ ਕਿਸਾਨਾਂ ਨੂੰ ਪ੍ਰਤੀ ਏਕਡ਼ ਘੱਟ ਤੋਂ ਘੱਟ ਵੀਹ ਹਜ਼ਾਰ ਮੁਆਵਜ਼ਾ ਰਾਸ਼ੀ ਦਾ ਪ੍ਰਬੰਧ ਕਰੇ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਵਿਚ ਪਸ਼ੂਆਂ ਦੇ ਚਾਰੇ ਦੇ ਪ੍ਰਬੰਧ ਅਤੇ ਪਾਣੀ ਕਾਰਨ ਪੈਦਾ ਹੋ ਰਹੀ ਭਿਆਨਕ ਬਿਮਾਰੀਆਂ ਦੇ ਡਰ ਤੋਂ ਸੁਰੱਖਿਅਤ ਰੱਖਣ ਲਈ ਡਾਕਟਰਾਂ ਦੀਆਂ ਟੀਮਾਂ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਯੂਥ ਅਕਾਲੀ ਦਲ ਮੋਹਾਲੀ ਸ਼ਹਿਰੀ ਦੇ ਪ੍ਰਧਾਨ ਅਤੇ ਅਕਾਲੀ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ, ਕੌਂਸਲਰ ਕੰਵਲਜੀਤ ਸਿੰਘ ਰੂਬੀ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਮੋਹਾਲੀ, ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਭਾਜਪਾ ਕੌਂਸਲਰ ਬੌਬੀ ਕੰਬੋਜ, ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ, ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਜਗਜੀਤ ਸਿੰਘ ਕੋਹਲੀ, ਨੰਬਰਦਾਰ ਕਰਮਜੀਤ ਸਿੰਘ, ਗੁਰਚਰਨ ਸਿੰਘ ਚੇਚੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜ਼ਰ ਸਨ।