ਇਸ ਪੜ੍ਹੀ-ਲਿਖੀ ਕੁੜੀ ਨਾਲ ਵਿਆਹ ਤੋਂ ਬਾਅਦ ਜੋ ਹੋਇਆ, ਰੱਬ ਕਿਸੇ ਨਾਲ ਨਾ ਕਰੇ (ਤਸਵੀਰਾਂ)

02/12/2016 10:29:58 AM

ਫਿਲੌਰ (ਭਾਖੜੀ, ਭਟਿਆਰਾ) : ਕੁੜੀਆਂ ਨੂੰ ਪੜ੍ਹਾ-ਲਿਖਾ ਕੇ ਮਾਤਾ-ਪਿਤਾ ਆਪਣੇ ਪੈਰਾਂ ''ਤੇ ਖੜ੍ਹੀਆਂ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਘਰ-ਬਾਰ ਚੰਗੇ ਮਿਲ ਜਾਣ ਅਤੇ ਅੱਗੇ ਜਾ ਕੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਅਜਿਹੀ ਹੀ ਸੋਚ ਨਾਲ ਇਕ ਗਰੀਬ ਮਾਂ ਨੇ ਆਪਣੀ ਪੜ੍ਹੀ-ਲਿਖੀ ਕੁੜੀ ਦਾ ਵਿਆਹ ਕੀਤਾ ਪਰ ਵਿਆਹ ਤੋਂ ਬਾਅਦ ਜੋ ਉਸ ਕੁੜੀ ਨਾਲ ਹੋਇਆ, ਰੱਬ ਕਿਸੇ ਨਾਲ ਵੀ ਨਾ ਕਰੇ। ਦਾਜ ਦੇ ਲਾਲਚੀ ਸਹੁਰਿਆਂ ਨੇ 5 ਮਹੀਨਿਆਂ ਬਾਅਦ 3 ਮਹੀਨਿਆਂ ਦੀ ਗਰਭਵਤੀ ਨੂੰ ਕਾਰ ਨਾ ਲਿਆਉਣ ਕਾਰਨ ਜਾਨੋਂ ਹੀ ਮਾਰ ਦਿੱਤਾ।

ਜਾਣਕਾਰੀ ਮੁਤਾਬਕ ਮ੍ਰਿਤਕ ਜੋਤੀ (25) ਦੀ ਵਿਧਵਾ ਮਾਂ ਆਸ਼ਾ ਰਾਣੀ ਵਾਸੀ ਪਿੰਡ ਦਿਆਲਾ ਨਵਾਂਸ਼ਹਿਰ ਨੇ ਦੱਸਿਆ ਕਿ ਉਸਦੇ ਪਤੀ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਪੰਜ ਮਹੀਨੇ ਪਹਿਲਾਂ ਉਸਨੇ ਆਪਣੀ ਬੇਟੀ ਜੋਤੀ, ਜਿਸ ਨੇ ਐੱਮ. ਏ. ਪੰਜਾਬੀ ਦੀ ਕੀਤੀ ਹੋਈ ਸੀ, ਦਾ ਵਿਆਹ ਅਰੁਣ ਕੁਮਾਰ ਪੁੱਤਰ ਹਰਭਜਨ ਵਾਸੀ ਪਿੰਡ ਸਿੱਧਵਾਂ ਨੂਰਮਹਿਲ ਨਾਲ ਕੀਤਾ। 

ਘਰ ਵਿਚ ਗਰੀਬੀ ਹੋਣ ਦੇ ਬਾਵਜੂਦ ਵੀ ਜੋਤੀ ਦੇ ਵਿਆਹ ਵਿਚ ਉਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ, ਜਿਸ ਤਰ੍ਹਾਂ ਲੜਕੇ ਧਿਰ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਉਸੇ ਤਰ੍ਹਾਂ ਹੀ ਵੱਡੇ ਪੈਲੇਸ ਵਿਚ ਵਿਆਹ ਕੀਤਾ ਅਤੇ ਜੋ ਕੁਝ ਵੀ ਉਨ੍ਹਾਂ ਨੇ ਮੰਗਿਆ ਉਹ ਸਭ ਕੁਝ ਦਿੱਤਾ ਪਰੰਤੂ ਫਿਰ ਵੀ ਲੜਕੇ ਧਿਰ ਵਾਲਿਆਂ ਦੀ ਨੀਅਤ ਨਹੀਂ ਭਰੀ ਤੇ ਵਿਆਹ ਦੇ ਹਫਤੇ ਬਾਅਦ ਹੀ ਉਨ੍ਹਾਂ ਨੇ ਜੋਤੀ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਨਕਦ ਰੁਪਿਆਂ ਦੀ ਮੰਗ ਕਰਦੇ ਹੋਏ ਬੇਟੀ ਨੂੰ ਉਨ੍ਹਾਂ ਕੋਲ ਘਰ ਭੇਜ ਦਿੱਤਾ। 

ਲੜਕੀ ਨੂੰ ਖੁਸ਼ ਦੇਖਣ ਲਈ ਉਹ ਲਗਾਤਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਦੀ ਰਹੀ। ਦੋ ਹਫਤੇ ਪਹਿਲਾਂ ਜੋਤੀ ਦੇ ਪਤੀ ਅਰੁਣ ਤੇ ਉਸਦੇ ਪਰਿਵਾਰ ਵਾਲਿਆਂ ਨੇ ਜੋਤੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਹ ਆਪਣੀ ਮਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਕਾਰ ਲਿਆ ਕੇ ਦੇਵੇ, ਜਿਸ ਦੇ ਬਾਅਦ ਜੋਤੀ ਉਨ੍ਹਾਂ ਕੋਲ ਘਰ ਆ ਗਈ, ਕੁਝ ਦਿਨ ਘਰ ਰਹਿਣ ਦੇ ਬਾਅਦ ਉਨ੍ਹਾਂ ਨੇ ਪੰਚਾਇਤ ਬੁਲਾਈ, ਜਿਥੇ ਲੜਕੇ ਵਾਲਿਆਂ ਨੇ ਇਹ ਕਹਿੰਦੇ ਹੋਏ ਆਪਣੀ ਮੰਗ ਵਾਪਸ ਲੈ ਲਈ ਕਿ ਉਹ ਹੁਣ ਦੁਬਾਰਾ ਨਾ ਤਾਂ ਦਾਜ ਦੀ ਮੰਗ ਕਰਨਗੇ ਅਤੇ ਨਾ ਹੀ ਦੁਬਾਰਾ ਜੋਤੀ ਨਾਲ ਕੁੱਟਮਾਰ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਸਹੁਰੇ ਘਰ ਚਲੀ ਗਈ ਅਤੇ ਤਿੰਨ ਦਿਨ ਪਹਿਲਾਂ ਉਸਦੀ ਬੇਟੀ ਦਾ ਉਨ੍ਹਾਂ ਨੂੰ ਫੋਨ ਆਇਆ ਕਿ ਉਹ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ ਜਾਂ ਤਾਂ ਉਹ ਉਸਨੂੰ ਆ ਕੇ ਉਸ ਨੂੰ ਲੈ ਜਾਵੇ ਨਹੀਂ ਤਾਂ ਉਹ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਗੇ। 

ਲੜਕੀ ਦੀ ਮਾਂ ਨੇ ਅਗਲੇ ਹੀ ਦਿਨ ਜੋਤੀ ਨੂੰ ਵਾਪਸ ਘਰ ਲਿਆਉਣ ਦਾ ਫੈਸਲਾ ਕਰ ਲਿਆ। ਬੀਤੇ ਦਿਨੀਂ ਘਰੋਂ ਚੱਲਣ ਤੋਂ ਪਹਿਲਾਂ ਲੜਕੀ ਦੀ ਮਾਂ ਆਸ਼ਾ ਨੇ ਜਦੋਂ ਜੋਤੀ ਨੂੰ ਫੋਨ ਕੀਤਾ ਤਾਂ ਅੱਗੋਂ ਫੋਨ ਉਸਦੇ ਸਹੁਰੇ ਹਰਭਜਨ ਨੇ ਚੁੱਕਿਆ ਉਸਨੇ ਇਹ ਕਹਿ ਕੇ ਫੋਨ ਬੰਦ ਕਰ ਦਿੱਤਾ ਕਿ ਉਹ ਜਲਦੀ ਉਨ੍ਹਾਂ ਦੇ ਪਿੰਡ ਸਿੱਧਵਾਂ ਆ ਜਾਵੇ ਕਿਉਂਕਿ ਜੋਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਿਵੇਂ ਹੀ ਉਹ ਘਰ ਪਹੁੰਚੇ ਤਾਂ ਘਰ ਵਿਚ ਕੇਵਲ ਜੋਤੀ ਦਾ ਪਤੀ ਅਰੁਣ ਤੇ ਸਹੁਰਾ ਹਰਭਜਨ ਦੋ ਲੋਕ ਹੀ ਮੌਜੂਦ ਸਨ। ਬਾਕੀ ਸਾਰੇ ਪਰਿਵਾਰ ਵਾਲੇ ਘਰੋਂ ਪਹਿਲਾਂ ਹੀ ਫਰਾਰ ਹੋ ਚੁੱਕੇ ਸਨ ਅਤੇ ਉਨ੍ਹਾਂ ਨੇ ਜੋਤੀ ਦੀ  ਲਾਸ਼ ਨੂੰ ਹੇਠਾਂ ਜ਼ਮੀਨ ''ਤੇ ਲਿਟਾਇਆ ਹੋਇਆ ਸੀ। ਜਿਸ ਤੋਂ ਪਰਿਵਾਰ ਵਾਲਿਆਂ ਦਾ ਰੋਸ ਭੜਕ ਉਠਿਆ।

ਜਿਵੇਂ ਹੀ ਪੁਲਸ ਲੜਕੀ ਦੀ ਲਾਸ਼ ਨੂੰ ਪੋਸਟ ਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਫਿਲੌਰ ਲੈ ਕੇ ਆਈ ਤਾਂ ਲੜਕੀ ਦੀ ਮਾਂ ਤੇ ਪਿੰਡ ਵਾਲਿਆਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਬੇਟੀ ਜੋਤੀ ਨੂੰ ਤਿੰਨ ਮਹੀਨੇ ਦੀ ਗਰਭਵਤੀ ਸੀ, ਉਸਨੇ ਖੁਦ ਆਤਮ ਹੱਤਿਆ ਨਹੀਂ ਕੀਤੀ, ਸਗੋਂ ਸਹੁਰੇ ਧਿਰ ਦੇ ਲੋਕਾਂ ਨੇ ਉਸਨੂੰ ਕਾਰ ਦੀ ਮੰਗ ਪੂਰੀ ਨਾ ਕਰਨ ਕਾਰਨ ਮੌਤ ਦੇ ਘਾਟ ਉਤਾਰਿਆ ਹੈ। ਜਦੋਂ ਤਕ ਜੋਤੀ ਦੇ ਕਾਤਲ ਸਹੁਰੇ ਧਿਰ ਦੇ ਲੋਕਾਂ ਵਿਰੁੱਧ ਪੁਲਸ ਕਤਲ ਦਾ ਮੁਕੱਦਮਾ ਦਰਜ ਕਰਕੇ ਉਨ੍ਹਾਂ  ਨੂੰ ਗ੍ਰਿਫਤਾਰ ਨਹੀਂ ਕਰਦੀ ਉਦੋਂ ਤਕ ਉਹ ਬੇਟੀ ਦਾ ਅੰਤਿਮ ਸਸਕਾਰ ਨਹੀਂ ਕਰਨਗੇ। 

ਜਦੋਂ ਇਸ ਸਬੰਧ ਵਿਚ ਨੂਰਮਹਿਲ ਦੀ ਪੁਲਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੇ ਲੜਕੀ ਦੀ ਰਹੱਸਮਈ ਹਾਲਤ ਵਿਚ ਹੋਈ ਮੌਤ ਦਾ ਮੁਕੱਦਮਾ ਦਰਜ ਕਰਕੇ ਲੜਕੇ ਅਰੁਣ ਤੇ ਉਸਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਕਤ ਘਟਨਾ ਵਿਚ ਜੇਕਰ ਕੋਈ ਹੋਰ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਲੜਕੀ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

Babita Marhas

This news is News Editor Babita Marhas