ਗਰਭਵਤੀ ਔਰਤ ਦੀ ਸਹੁਰੇ ਘਰ ''ਚ ਸ਼ੱਕੀ ਹਾਲਤ ''ਚ ਮੌਤ

10/10/2019 7:02:09 PM

ਨੂਰਪੁਰਬੇਦੀ,(ਭੰਡਾਰੀ): ਕਰੀਬ 2 ਸਾਲ ਪਹਿਲਾਂ ਵਿਆਹੀ ਇਕ ਔਰਤ ਦੀ ਸਹੁਰੇ ਘਰ 'ਚ ਸ਼ੱਕੀ ਹਾਲਤ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ 'ਤੇ ਉਸ ਦੀ ਸੱਸ, ਸਹੁਰੇ ਤੇ ਪਤੀ ਖਿਲਾਫ ਦਾਜ ਲਈ ਹੱਤਿਆ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਉਕਤ ਔਰਤ 8 ਮਹੀਨਿਆਂ ਦੀ ਗਰਭਵਤੀ ਵੀ ਸੀ। ਮ੍ਰਿਤਕ ਔਰਤ ਰਾਜਵੀਰ ਕੌਰ (30) ਪੁੱਤਰੀ ਜੋਗਿੰਦਰ ਸਿੰਘ ਨਿਵਾਸੀ ਚੈਹੜਮਜਾਰਾ ਦਾ ਦੋ ਸਾਲ ਪਹਿਲਾਂ ਨਜ਼ਦੀਕੀ ਪਿੰਡ ਰਾਏਪੁਰ ਦੇ ਬਲਦੇਵ ਸਿੰਘ ਪੁੱਤਰ ਚੰਨਣ ਸਿੰਘ ਨਾਲ ਵਿਆਹ ਹੋਇਆ ਸੀ। ਮ੍ਰਿਤਕ ਔਰਤ ਦੀ ਮਾਤਾ ਨਛੱਤਰ ਕੌਰ ਪਤਨੀ ਜੋਗਿੰਦਰ ਸਿੰਘ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਸਹੁਰੇ ਪਰਿਵਾਰ ਵੱਲੋਂ ਘੱਟ ਦਾਜ ਲਿਆਉਣ ਲਈ ਅਕਸਰ ਉਨ੍ਹਾਂ ਦੀ ਲੜਕੀ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਇਸ ਸਬੰਧ 'ਚ ਕਈ ਵਾਰ ਉਸ ਦੀ ਕੁੱਟ-ਮਾਰ ਵੀ ਕੀਤੀ ਗਈ ਤੇ ਜਿਸ ਨੂੰ ਲੈ ਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਵੱਖ-ਵੱਖ ਸਮੇਂ 'ਤੇ ਸਮਝੌਤਾ ਵੀ ਕਰਵਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਪ੍ਰੇਸ਼ਾਨੀ ਕਰ ਕੇ ਉਨ੍ਹਾਂ ਦੀ ਲੜਕੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਕੀ ਕਹਿਣੈ ਥਾਣਾ ਮੁਖੀ ਦਾ
ਥਾਣਾ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ 8 ਅਕਤੂਬਰ ਨੂੰ ਉਨ੍ਹਾਂ ਨੂੰ ਸਿਵਲ ਹਸਪਤਾਲ ਰੂਪਨਗਰ ਤੋਂ ਮ੍ਰਿਤਕਾ ਦੇ ਪਤੀ ਬਲਦੇਵ ਸਿੰਘ ਨੇ ਬਿਆਨ ਦਰਜ ਕਰਵਾਏ ਸਨ ਕਿ ਉਸ ਦੀ ਪਤਨੀ 8 ਮਹੀਨੇ ਤੋਂ ਗਰਭਵਤੀ ਸੀ ਤੇ ਜਿਸ ਦੇ ਦਰਦ ਹੋਣ ਕਰ ਕੇ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ। ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਨੇ ਕਿਹਾ ਕਿ ਪਹਿਲਾਂ ਉਕਤ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਸੀ ਪਰ ਹੁਣ ਮ੍ਰਿਤਕਾ ਦੀ ਮਾਤਾ ਨਛੱਤਰ ਕੌਰ ਦੇ ਬਿਆਨਾਂ 'ਤੇ ਲੜਕੀ ਰਾਜਵੀਰ ਕੌਰ ਦੇ ਸਹੁਰੇ ਚੰਨਣ ਸਿੰਘ, ਸੱਸ ਕੁਲਵਿੰਦਰ ਕੌਰ ਤੇ ਪਤੀ ਬਲਦੇਵ ਸਿੰਘ ਨਿਵਾਸੀ ਰਾਏਪੁਰ, ਥਾਣਾ ਨੂਰਪੁਰਬੇਦੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮ ਹਾਲੇ ਫਰਾਰ ਹਨ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਮ੍ਰਿਤਕਾ ਦਾ ਸਸਕਾਰ ਉਸ ਦੇ ਪੇਕੇ ਪਿੰਡ ਚੈਹਿੜਮਜਾਰਾ ਵਿਖੇ ਕੀਤਾ ਗਿਆ।