ਲੋਕ ਸਭਾ ਚੋਣਾਂ ਦੌਰਾਨ ਲਗਾਤਾਰ ਤੀਜੀ ਵਾਰ ਆਹਮੋ-ਸਾਹਮਣੇ ਹੋ ਸਕਦੇ ਨੇ ਪ੍ਰਨੀਤ ਕੌਰ ਤੇ ਧਰਮਵੀਰ ਗਾਂਧੀ

04/02/2024 3:49:12 AM

ਲੁਧਿਆਣਾ (ਹਿਤੇਸ਼)– ਆਮ ਆਦਮੀ ਪਾਰਟੀ ਦੇ ਸਾਬਕਾ ਐੱਮ. ਪੀ. ਧਰਮਵੀਰ ਗਾਂਧੀ ਸੋਮਵਾਰ ਨੂੰ ਕਾਂਗਰਸ ’ਚ ਸ਼ਾਮਲ ਹੋ ਗਏ ਹਨ ਤੇ ਉਨ੍ਹਾਂ ਨੂੰ ਲੋਕ ਸਭਾ ਚੋਣ ਦੌਰਾਨ ਪਟਿਆਲਾ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ।

ਇਸ ਦੌਰ ’ਚ ਉਨ੍ਹਾਂ ਦਾ ਪਟਿਆਲਾ ਤੋਂ ਮੌਜੂਦਾ ਐੱਮ. ਪੀ. ਪ੍ਰਨੀਤ ਕੌਰ ਨਾਲ ਲਗਾਤਾਰ ਤੀਜੀ ਵਾਰ ਮੁਕਾਬਲਾ ਹੋ ਸਕਦਾ ਹੈ ਕਿਉਂਕਿ ਗਾਂਧੀ ਨੇ ਇਕ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਪ੍ਰਨੀਤ ਕੌਰ ਨੂੰ ਹਰਾਇਆ ਹੈ ਤੇ ਇਕ ਵਾਰ ਆਪਣੀ ਪਾਰਟੀ ਬਣਾ ਕੇ ਲੋਕ ਸਭਾ ਚੋਣ ਲੜਨ ਦੌਰਾਨ ਪ੍ਰਨੀਤ ਕੌਰ ਦੇ ਹੱਥੋਂ ਹਾਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਆਪ’ ਛੱਡ ਭਾਜਪਾ ’ਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਗ੍ਰਹਿ ਮੰਤਰਾਲੇ ਨੇ ਦਿੱਤੀ ਵਾਈ ਪਲੱਸ ਸੁਰੱਖਿਆ

ਹੁਣ ਪ੍ਰਨੀਤ ਕੌਰ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਈ ਤੇ ਪਾਰਟੀ ਨੇ ਉਨ੍ਹਾਂ ਨੂੰ ਲੋਕ ਸਭਾ ਚੋਣ ਲਈ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਹੈ, ਜਿਸ ਦੇ ਮੁਕਾਬਲੇ ਲਈ ਕਾਂਗਰਸ ਵਲੋਂ ਸਾਬਕਾ ਮੰਤਰੀ ਲਾਲ ਸਿੰਘ, ਬ੍ਰਹਮ ਮਹਿੰਦਰਾ, ਵਿਜੇ ਇੰਦਰ ਸਿੰਗਲਾ, ਨਵਜੋਤ ਸਿੰਘ ਸਿੱਧੂ ਦੀ ਪਤਨੀ ਦੇ ਨਾਂ ’ਤੇ ਵਿਚਾਰ ਕੀਤਾ ਜਾ ਰਿਹਾ ਸੀ ਪਰ ਕਾਂਗਰਸ ਵਲੋਂ ਆਮ ਆਦਮੀ ਪਾਰਟੀ ਦੇ ਸਾਬਕਾ ਐੱਮ. ਪੀ. ਧਰਮਵੀਰ ਗਾਂਧੀ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਨ੍ਹਾਂ ਦੇ ਮੈਦਾਨ ’ਚ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਹੋਮ ਟਾਊਨ ਪਟਿਆਲਾ ’ਚ ਲੋਕ ਸਭਾ ਚੋਣ ਦੌਰਾਨ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।

ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ 3 ਵਾਰ ਬਦਲੇ ਉਮੀਦਵਾਰ
ਲੋਕ ਸਭਾ ਚੋਣ ਦੌਰਾਨ ਪ੍ਰਨੀਤ ਕੌਰ 1999 ਤੋਂ ਲੈ ਕੇ 2019 ਤੱਕ ਲਗਾਤਾਰ 5 ਵਾਰ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਰਹੀ ਹੈ ਤੇ ਹੁਣ ਉਨ੍ਹਾਂ ਵਲੋਂ ਭਾਜਪਾ ’ਚ ਸ਼ਾਮਲ ਹੋਣ ਦੀ ਵਜ੍ਹਾ ਨਾਲ ਕਾਂਗਰਸ ਨੂੰ ਨਵੇਂ ਚਿਹਰੇ ਦੀ ਭਾਲ ਕਰਨੀ ਪਈ ਹੈ।

ਇਸ ਤੋਂ ਪਹਿਲਾਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਵੀ ਲੋਕ ਸਭਾ ਚੋਣ ਦੌਰਾਨ ਪਟਿਆਲਾ ਤੋਂ 3 ਵਾਰ ਉਮੀਦਵਾਰ ਬਦਲੇ ਹਨ।

ਇਨ੍ਹਾਂ ’ਚ 2014 ਦੌਰਾਨ ‘ਆਪ’ ਦੇ ਧਰਮਵੀਰ ਗਾਂਧੀ ਜਿੱਤੇ ਸਨ ਤੇ 2019 ’ਚ ‘ਆਪ’ ਵਲੋਂ ਨੀਨਾ ਮਿੱਤਲ ਨੂੰ ਟਿਕਟ ਦਿੱਤੀ ਗਈ ਪਰ ਇਸ ਵਾਰ ਆਮ ਆਦਮੀ ਪਾਰਟੀ ਵਲੋਂ ਸਿਹਤ ਮੰਤਰੀ ਬਲਵੀਰ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਉਧਰ ਪਟਿਆਲਾ ਸੀਟ ਹੁਣ ਤੱਕ ਭਾਜਪਾ ਦੇ ਨਾਲ ਗੱਠਜੋੜ ਦੇ ਤਹਿਤ ਅਕਾਲੀ ਦਲ ਦੇ ਹਿੱਸੇ ’ਚ ਆਉਂਦੀ ਸੀ ਪਰ ਹੁਣ ਭਾਜਪਾ ਵਲੋਂ ਪੰਜਾਬ ’ਚ ਇਕੱਲੇੇ ਲੋਕ ਸਭਾ ਚੋਣ ਲੜਨ ਦਾ ਐਲਾਨ ਕਰਨ ਦੇ ਬਾਅਦ ਅਕਾਲੀ ਦਲ ਨੂੰ ਪਟਿਆਲਾ ’ਚ ਚੌਥੀ ਵਾਰ ਨਵੇਂ ਚਿਹਰੇ ਦੀ ਤਲਾਸ਼ ਕਰਨੀ ਹੋਵੇਗੀ ਕਿਉਂਕਿ 2009 ’ਚ ਅਕਾਲੀ ਦਲ ਵਲੋਂ ਪ੍ਰੇਮ ਸਿੰਘ ਚੰਦੂਮਾਜਰਾ ਚੋਣ ਲੜੇ ਸਨ। ਉਸ ਤੋਂ ਬਾਅਦ ਅਕਾਲੀ ਦਲ ਵਲੋਂ 2014 ’ਚ ਦੀਪਇੰਦਰ ਸਿੰਘ ਢਿੱਲੋਂ ਤੇ 2019 ’ਚ ਸੁਰਜੀਤ ਸਿੰਘ ਰੱਖੜਾ ਨੂੰ ਟਿਕਟ ਦਿੱਤੀ ਗਈ ਸੀ। ਹੁਣ ਭਾਜਪਾ ਦੇ ਨਾਲ ਗੱਠਜੋੜ ਨਾ ਹੋਣ ਕਾਰਨ ਅਕਾਲੀ ਦਲ ਨੇ ਫਿਲਹਾਲ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh