ਜੈ ਸੀਆ ਰਾਮ, ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜੀ ਲੁਧਿਆਣਾ ਦੀ ਫਿਜ਼ਾ

01/23/2024 4:29:25 PM

ਲੁਧਿਆਣਾ (ਰਾਜ) : ਸ਼੍ਰੀ ਰਾਮ ਮੰਦਰ ਅਯੁੱਧਿਆ ’ਚ ਸ਼੍ਰੀ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਮਹਾਨਗਰ ’ਚ ਦੀਵਾਲੀ ਵਰਗਾ ਮਾਹੌਲ ਸੀ। ਰਾਮ ਭਗਤ ਪਿਛਲੇ 2-3 ਦਿਨਾਂ ਤੋਂ ਹੀ ਤਿਆਰੀਆਂ 'ਚ ਲੱਗੇ ਹੋਏ ਸਨ। ਸ਼ਹਿਰ ਦੇ ਸਾਰੇ ਮੰਦਰਾਂ ਨੂੰ ਦੁਲਹਨਾਂ ਵਾਂਗ ਸਜਾਇਆ ਗਿਆ ਸੀ। ਜਿਉਂ ਦਪਹਿਰ ਸਮੇਂ ਮੂਰਤੀ ਪ੍ਰਾਣ ਪ੍ਰਤਿਸ਼ਠਾ ਦਾ ਸ਼ੁੱਭ ਅਵਸਰ ਆਇਆ ਤਾਂ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਸ਼ਹਿਰ ਗੂੰਜ ਉੱਠਿਆ। ਸ਼ਰਧਾਲੂਆਂ ਲਈ ਕਈ ਸੰਸਥਾਵਾਂ ਤੇ ਮੰਦਰਾਂ ਵੱਲੋਂ ਸੜਕਾਂ ’ਤੇ ਵੱਡੀਆਂ ਸਕ੍ਰੀਨਾਂ ਲਗਾਈਆਂ ਹੋਈਆਂ ਸਨ, ਜਿਨ੍ਹਾਂ ’ਤੇ ਅਯੁੱਧਿਆ ਦੇ ਵਿਸ਼ਾਲ ਸਮਾਰੋਹ ਨੂੰ ਲਾਈਵ ਚਲਾਇਆ ਜਾ ਰਿਹਾ ਸੀ।

ਸਾਰਾ ਦਿਨ ਰਾਮ ਭਗਤ ਪੂਜਾ-ਅਰਚਨਾ ’ਚ ਮਸਰੂਫ ਰਹੇ ਅਤੇ ਜਿਉਂ ਹੀ ਰਾਤ ਹੋਈ ਤਾਂ ਲੋਕਾਂ ਵੱਲੋਂ ਘਰਾਂ ’ਚ ਕੀਤੀ ਦੀਪਮਾਲਾ ਕਾਰਨ ਲੱਗ ਰਿਹਾ ਸੀ, ਜਿਵੇਂ ਦੂਜੀ ਵਾਰ ਦੀਵਾਲੀ ਮਨਾਈ ਜਾ ਰਹੀ ਹੋਵੇ। ਮਹਾਨਗਰ ’ਚ ਦੀਵਾਲੀ ਵਾਂਗ ਦੇਰ ਰਾਤ ਤੱਕ ਰਾਮ ਭਗਤਾਂ ਨੇ ਖੂਬ ਪਟਾਕੇ ਚਲਾਏ ਅਤੇ ਆਤਿਸ਼ ਬਾਜ਼ੀ ਕੀਤੀ। ਹਰ ਪਾਸੇ ਰਾਮ ਹੀ ਰਾਮ ਦੀ ਧੁਨ ਸੁਣਾਈ ਦੇ ਰਹੀ ਸੀ। ਸ਼ਹਿਰ ਦੇ ਹੋਰ ਮੰਦਰਾਂ ਦੀ ਤਰ੍ਹਾਂ ਇਸ ਸ਼ੁਭ ਮੌਕੇ ’ਤੇ ਮਹੇਸ਼ਵਰੀ ਸਭਾ ਲੁਧਿਆਣਾ ਵੱਲੋਂ ਟੈਗੋਰ ਭਵਨ ਵਿਖੇ ਸੁੰਦਰ ਕਾਂਡ ਪਾਠ ਕਰਵਾਇਆ ਗਿਆ। ਮਹੇਸ਼ਵਰੀ ਸਭਾ ਦੇ ਮੀਤ ਪ੍ਰਧਾਨ ਮੁਕੁਲ ਸ਼ਾਰਦਾ ਨੇ ਕਿਹਾ ਕਿ ਪੂਰੇ ਸਮਾਜ ’ਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਹੈ।

ਸਾਰੇ ਸ਼ਰਧਾਲੂ ਭਗਵਾਨ ਸ਼੍ਰੀ ਰਾਮ ਦੇ ਚਰਨਾਂ ’ਚ ਆਪਣੀ ਹਾਜ਼ਰੀ ਲਗਵਾਉਣ ਲਈ ਉਤਾਵਲੇ ਨਜ਼ਰ ਆਏ। ਹਰ ਕੋਈ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਬੇਹੱਦ ਖੁਸ਼ ਅਤੇ ਉਤਸ਼ਾਹਿਤ ਸੀ। ਇਸ ਮੌਕੇ ਵਿਪਨ ਜਾਜੂ, ਅਰੁਣ ਬਿਨਾਨੀ, ਸੁਮਿਤ ਪੈਡੀਵਾਲ, ਮਨਮੋਹਨ ਤਪੜੀਆ, ਡਾ. ਆਰ. ਐੱਸ. ਮਹੇਸ਼ਵਰੀ, ਮਨੀਸ਼ ਝੰਵਰ, ਅਮਿਤ ਸ਼ਾਰਦਾ, ਰਾਮ ਕੁਮਾਰ ਰਾਠੀ, ਪੁਸ਼ਪਿੰਦਰ ਗੋਦਾਨੀ, ਰਵਿੰਦਰ ਰਾਠੀ, ਨੰਦਕਿਸ਼ੋਰ ਬਿਹਾਨੀ, ਸਨੇਹ ਬਿਹਾਨੀ, ਰਾਧਿਕਾ ਤਪੜੀਆ ਆਦਿ ਹਾਜ਼ਰ ਸਨ।
 

Babita

This news is Content Editor Babita