ਚੰਗੀ ਖ਼ਬਰ : ਪੰਜਾਬ 'ਚ ਕੋਲੇ ਦੀ ਕਮੀ ਦੇ ਬਾਵਜੂਦ ਘਟੇ ਬਿਜਲੀ ਕੱਟ, ਆਉਂਦੇ ਦਿਨਾਂ 'ਚ ਹਾਲਾਤ ਸੁਧਰਨ ਦੇ ਆਸਾਰ

10/14/2021 9:08:18 AM

ਪਟਿਆਲਾ (ਮਨਦੀਪ ਜੋਸਨ) : ਪਾਵਰਕਾਮ ਨੇ ਦਾਅਵਾ ਕੀਤਾ ਹੈ ਕਿ ਵੱਧ ਬਿਜਲੀ ਦੀ ਖ਼ਰੀਦ ਕਰ ਕੇ 9352 ਮੈਗਾਵਾਟ ਬਿਜਲੀ ਦੀ ਸਪਲਾਈ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਹੈ। ਇਸ ਨਾਲ ਪੰਜਾਬ ’ਚ ਪਹਿਲਾਂ ਨਾਲੋਂ ਬਿਜਲੀ ਕੱਟ ਬੇਹੱਦ ਘਟਾ ਦਿੱਤੇ ਗਏ ਹਨ ਅਤੇ ਆਉਣ ਵਾਲੇ ਦਿਨਾਂ ’ਚ ਸਥਿਤੀ ਆਮ ਹੋਣ ਦੀ ਸੰਭਾਵਨਾ ਹੈ। ਪਾਵਰਕਾਮ ਦੇ ਚੇਅਰਮੈਨ ਨੇ ਖ਼ੁਲਾਸਾ ਕੀਤਾ ਕਿ ਕੋਲੇ ਦੀ ਕਮੀ ਦੇ ਬਾਵਜੂਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 13 ਅਕਤੂਬਰ ਨੂੰ 10.55 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਪਾਵਰ ਐਕਸਚੇਂਜ ਤੋਂ ਲਗਭਗ 1800 ਮੈਗਾਵਾਟ ਬਿਜਲੀ ਖ਼ਰੀਦੀ ਹੈ।

ਇਹ ਵੀ ਪੜ੍ਹੋ : 99 ਸਾਲਾ ਬੇਬੇ ਮਰਨ ਤੋਂ ਪਹਿਲਾਂ ਲਿਖ ਗਈ ਖ਼ਾਸ ਅੰਤਿਮ ਇੱਛਾਵਾਂ, ਮੌਤ ਮਗਰੋਂ ਪੂਰੀਆਂ ਕਰਨ 'ਚ ਲੱਗਾ ਪਰਿਵਾਰ
ਕੋਲੇ ਦੀ ਸਥਿਤੀ ਅਜੇ ਵੀ ਨਾਜ਼ੁਕ
ਉਨ੍ਹਾਂ ਕੋਲੇ ਦੇ ਭੰਡਾਰ ਦੀ ਸਥਿਤੀ ਬਾਰੇ ਵੇਰਵੇ ਦਿੰਦੇ ਹੋਏ ਕਿਹਾ ਕਿ ਪੰਜਾਬ ’ਚ ਸਥਿਤ ਸਾਰੇ ਤਾਪ ਬਿਜਲੀ ਘਰਾਂ ’ਚ ਕੋਲਾ ਸਟਾਕ ਦੀ ਸਥਿਤੀ ਅਜੇ ਵੀ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਸਾਰੇ ਨਿੱਜੀ ਅਤੇ ਸਰਕਾਰੀ ਮਾਲਕੀ ਵਾਲੇ ਕੋਲਾ ਆਧਾਰਿਤ ਪਲਾਂਟਾਂ ’ਚ ਲਗਭਗ 2 ਦਿਨਾਂ ਦਾ ਕੋਲਾ ਭੰਡਾਰ ਹੈ। ਉਨ੍ਹਾਂ ਦੱਸਿਆ ਕਿ 12 ਅਕਤੂਬਰ, 2021 ਨੂੰ ਕੁੱਲ ਕੋਲੇ ਦੇ 22 ਰੈਕਾਂ ਦੀ ਲੋੜ ਦੇ ਮੁਕਾਬਲੇ 13 ਕੋਲਾ ਰੈਕ ਪ੍ਰਾਪਤ ਹੋਏ ਸਨ। ਉਨ੍ਹਾਂ ਕਿਹਾ ਕਿ ਹਾਲਾਂਕਿ ਕੋਲਾ ਰੈਕ ਦੀ ਸਪਲਾਈ ਘੱਟ ਹੈ ਪਰ ਫਿਰ ਵੀ ਸਪਲਾਈ ਦੀ ਇਕਸਾਰਤਾ ਬਣਾਈ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਾਫੀ ਗਿਣਤੀ ’ਚ ਕੋਲੇ ਦੇ ਰੈਕ ਪਾਈਪਲਾਈਨ ’ਚ ਹਨ ਅਤੇ ਇਸ ਤਰ੍ਹਾਂ ਆਉਣ ਵਾਲੇ ਕੁੱਝ ਦਿਨਾਂ ’ਚ ਕੋਲੇ ਦੀ ਸਥਿਤੀ ’ਚ ਸੁਧਾਰ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ 'ਬਿਜਲੀ ਸੰਕਟ' 'ਤੇ ਮਨਪ੍ਰੀਤ ਬਾਦਲ ਦਾ ਬਿਆਨ, ਦੱਸਿਆ ਕਿਉਂ ਆ ਰਹੀ ਸਮੱਸਿਆ
ਚਾਰ ਵੱਖ-ਵੱਖ ਯੂਨਿਟ ਹੋਰ ਚਲਾਏ
ਉਨ੍ਹਾਂ ਕਿਹਾ ਬਿਜਲੀ ਦੀ ਉਪਲੱਬਧਤਾ ’ਚ ਸੁਧਾਰ ਕਾਰਨ ਬਿਜਲੀ ਕੱਟ ਦੀ ਮਿਆਦ ਬੀਤੇ ਦਿਨ ਘੱਟ ਸੀ ਕਿਉਂਕਿ ਜੀ. ਜੀ. ਐੱਸ. ਐੱਸ. ਟੀ. ਪੀ., ਰੋਪੜ ਅਤੇ ਜੀ. ਵੀ. ਕੇ. ਦੇ ਇਕ ਯੂਨਿਟ ਨੂੰ ਕਾਰਜਸ਼ੀਲ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਨੇ ਰਿਕਾਰਡ ਸਮੇਂ ’ਚ ਚੈਨਲ ਦੀ ਮੁਰੰਮਤ ਤੋਂ ਬਾਅਦ 84 ਮੈਗਾਵਾਟ ਬਿਜਲੀ ਉਤਪਾਦਨ ਸ਼ੁਰੂ ਕੀਤਾ ਅਤੇ ਜੀ. ਵੀ. ਕੇ. ਦਾ ਇਕ ਯੂਨਿਟ ਚਾਲੂ ਹੋ ਗਿਆ। ਉਨ੍ਹਾਂ ਕਿਹਾ ਕਿ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਦੇ ਚੈਨਲ ਦੀ ਰਿਕਾਰਡ ਸਮਾਂ ’ਚ ਮੁਰੰਮਤ ਨੇ ਇਸ ਬਿਜਲੀ ਘਾਟੇ ਦੇ ਹਾਲਾਤ ’ਚ ਪਾਵਰਕਾਮ ਨੂੰ ਵੱਡੀ ਰਾਹਤ ਦਿੱਤੀ ਹੈ, ਜਿੱਥੇ ਪੀ. ਐੱਸ. ਪੀ. ਸੀ. ਐੱਲ. ਵੱਲੋਂ ਉੱਚ ਦਰਾਂ ’ਤੇ ਬਿਜਲੀ ਖ਼ਰੀਦੀ ਜਾਣੀ ਹੈ, ਜਦ ਕਿ ਇਸਦੇ ਆਪਣੇ ਪ੍ਰਾਜੈਕਟ ਤੋਂ ਪ੍ਰਤੀ ਯੂਨਿਟ ਲਾਗਤ ਸਿਰਫ 25 ਪੈਸੇ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਜਾਇਦਾਦ ਖ਼ਾਤਰ ਛੋਟੇ ਭਰਾ ਦੇ ਸਿਰ 'ਚ ਗੋਲੀ ਮਾਰ ਕੀਤਾ ਕਤਲ
150 ਲੱਖ ਯੂਨਿਟ ਦਾ ਰਿਹਾ ਮੰਗ ਤੇ ਸਪਲਾਈ ’ਚ ਫ਼ਰਕ
ਪਾਵਰਕਾਮ ਵੱਲੋਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਬਿਜਲੀ ਦੀ ਮੰਗ ਤੇ ਸਪਲਾਈ ’ਚ 150 ਲੱਖ ਯੂਨਿਟ ਦਾ ਫ਼ਰਕ ਰਿਹਾ ਹੈ। ਪਾਵਰਕਾਮ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ’ਚ ਸੁਧਾਰ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita