ਅੱਗ ਤੋਂ ਬਚਾਅ ਲਈ ਪਾਵਰਕਾਮ ਅਧਿਕਾਰੀ ਤਾਰਾਂ ਕੱਸਣ : ਵਿਧਾਇਕ ਬਿਲਾਸਪੁਰ

04/16/2018 11:29:39 AM

ਬਿਲਾਸਪੁਰ (ਜਗਸੀਰ, ਬਾਵਾ) - ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਾਵਰਕਾਮ ਅਧਿਕਾਰੀਆਂ ਨੂੰ ਬਿਜਲੀ ਦੀਆਂ ਤਾਰਾਂ ਕੱਸਣ ਲਈ ਕਿਹਾ ਹੈ ਤਾਂ ਕਿ ਢਿੱਲੀਆਂ ਤਾਰਾਂ ਤੋਂ ਹੋ ਰਹੀ ਸਪਾਰਕਿੰਗ ਕਾਰਨ ਪੱਕੀ ਹੋਈ ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਇਆ ਜਾ ਸਕੇ। 
ਇਸ ਮੌਕੇ ਵਿਧਾਇਕ ਨੇ ਕਿਹਾ ਕਿ ਟਰਾਂਸਫਾਰਮਰਾਂ ਅਤੇ ਖੰਭਿਆਂ ਤੋਂ ਹੁੰਦੀ ਸਪਾਰਕਿੰਗ ਕਾਰਨ ਹਰ ਵਰ੍ਹੇ ਸੈਂਕੜੇ ਏਕੜ ਕਣਕ ਦੀ ਪੱਕੀ ਫਸਲ ਅੱਗ ਦੀ ਭੇਟ ਚੜ੍ਹ ਜਾਂਦੀ ਹੈ। ਪਾਵਰਕਾਮ ਦੇ ਅਧਿਕਾਰੀਆਂ ਨੂੰ ਇਸ ਪ੍ਰਤੀ ਇਨ੍ਹਾਂ ਦਿਨਾਂ ਦੌਰਾਨ ਬੇਹੱਦ ਚੌਕਸੀ ਵਰਤਣੀ ਚਾਹੀਦੀ ਹੈ। ਵਿਧਾਇਕ ਨੇ ਕਿਸਾਨ ਭਾਈਚਾਰੇ ਨੂੰ ਸਲਾਹ ਦਿੱਤੀ ਹੈ ਕਿ ਖੇਤਾਂ 'ਚ ਲੱਗੇ ਟਰਾਂਸਫਾਰਮਰਾਂ ਦੇ ਹੇਠਾਂ ਤੋਂ ਪੱਕੀ ਕਣਕ ਦੀ ਹੱਥੀਂ ਕਟਾਈ ਕਰ ਕੇ ਅਤੇ ਮੋਟਰਾਂ ਦੀਆਂ ਹੌਦੀਆਂ ਤੇ ਖਾਲਾਂ 'ਚ ਪਾਣੀ ਦਾ ਪ੍ਰਬੰਧ ਕਰ ਕੇ ਇਸ ਕਰੋਪੀ ਪ੍ਰਤੀ ਅਗਾਊਂ ਚੌਕਸੀ ਵਰਤ ਕੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਨਾਲਾਇਕੀ ਕਾਰਨ ਨੇੜਲੇ ਕਸਬਿਆਂ ਤੇ ਸ਼ਹਿਰਾਂ ਅੰਦਰ ਫਾਇਰ ਬ੍ਰਿਗੇਡ ਦੀ ਅਣਹੋਂਦ ਕਰ ਕੇ ਹਰ ਵਰ੍ਹੇ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਯੋਗ ਕਦਮ ਚੁੱਕ ਕੇ ਅੱਗ ਲੱਗਣ ਦੇ ਕਾਰਨਾਂ 'ਤੇ ਰੋਕ ਲਾ ਸਕਦੇ ਹਾਂ।