ਪਾਵਰਕਾਮ ਨੇ ਚਲਾਈ “ਪਾਣੀ ਬਚਾਓ, ਪੈਸੇ ਕਮਾਓ” ਮੁਹਿੰਮ, ਕਿਸਾਨਾਂ ਨੂੰ ਹੋਵੇਗਾ ਵੱਡਾ ਫਾਇਦਾ

06/28/2019 7:43:13 PM

ਬਠਿੰਡਾ, (ਪਰਮਿੰਦਰ)-ਪਾਵਰਕਾਮ ਵੱਲੋਂ ਜਿਥੇ ਇਕ ਪਾਸੇ ਖ਼ਪਤਕਾਰਾਂ ਕੋਲੋਂ ਭਾਰੀ ਬਿੱਲ ਵਸੂਲੇ ਜਾ ਰਹੇ ਹੈ, ਉਥੇ ਹੀ ਦੂਜੇ ਪਾਸੇ ਹੁਣ ਪਾਣੀ ਤੇ ਬਿਜਲੀ ਬਚਾਉਣ ਵਾਲੇ ਖ਼ਪਤਕਾਰਾਂ ਖਾਸ ਤੌਰ ’ਤੇ ਕਿਸਾਨਾਂ ’ਤੇ ਪਾਵਰਕਾਮ ਮਿਹਰਬਾਨ ਹੋ ਗਿਆ ਹੈ। ਸਰਕਾਰ ਵੱਲੋਂ ਕਿਸਾਨਾਂ ਲਈ ਇਕ ਵਿਸ਼ੇਸ਼ ਯੋਜਨਾ ‘ਪਾਣੀ ਬਚਾਓ, ਪੈਸੇ ਕਮਾਓ’ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਖੇਤੀ ਲਈ ਮੋਟਰਾਂ ਨੂੰ ਘੱਟ ਤੋਂ ਘੱਟ ਚਲਾ ਕੇ ਪਾਣੀ ਤੇ ਬਿਜਲੀ ਬਚਾਉਣ ਵਾਲੇ ਕਿਸਾਨਾਂ ਤੋਂ ਪੈਸੇ ਲੈਣ ਦੀ ਬਜਾਏ ਪਾਵਰਕਾਮ ਉਨ੍ਹਾਂ ਨੂੰ ਬਚਾਈਆਂ ਗਈਆਂ ਯੂਨਿਟਾਂ ’ਤੇ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਸੇ ਦੇਵੇਗਾ। ਪਾਵਰਕਾਮ ਦੀ ਇਸ ਯੋਜਨਾ ਦਾ ਲਾਭ ਫਿਲਹਾਲ ਭਗਤਾ ਭਾਈਕਾ ਸਬ-ਡਵੀਜ਼ਨ ਦੇ ਖੇਤੀਬਾਡ਼ੀ ਨਾਲ ਸਬੰਧਤ 12 ਫੀਡਰਾਂ ਦੇ ਕਿਸਾਨਾਂ ਨੂੰ ਮਿਲੇਗਾ, ਜਦਕਿ ਭਵਿੱਖ ’ਚ ਇਸ ਯੋਜਨਾ ਦਾ ਵਿਸਥਾਰ ਕੀਤਾ ਜਾਵੇਗਾ।

ਕੀ ਹੈ ਪੂਰੀ ਯੋਜਨਾ

ਇਸ ਯੋਜਨਾ ਦਾ ਲਾਭ ਉਠਾਉਣ ਲਈ ਕਿਸਾਨਾਂ ਨੂੰ ਆਪਣੀਆਂ ਮੋਟਰਾਂ ’ਤੇ ਮੀਟਰ ਲਵਾਉਣੇ ਪੈਣਗੇ। ਮੋਟਰ ਦੀ ਪ੍ਰਤੀ ਹਾਰਸ ਪਾਵਰ ਦੇ ਹਿਸਾਬ ਨਾਲ ਪਾਵਰਕਾਮ ਵੱਲੋਂ ਉਸ ਦੇ ਯੂਨਿਟ ਨਿਰਧਾਰਤ ਕਰ ਦਿੱਤੇ ਜਾਣਗੇ। ਜੇਕਰ ਕੋਈ ਕਿਸਾਨ ਨਿਰਧਾਰਤ ਕੀਤੇ ਗਏ ਯੂਨਿਟਾਂ ਤੋਂ ਵੱਧ ਯੂਨਿਟਾਂ ਦਾ ਪ੍ਰਯੋਗ ਕਰਦਾ ਹੈ ਤਾਂ ਉਸ ਨੂੰ ਕੋਈ ਪੈਸਾ ਨਹੀਂ ਦਿੱਤਾ ਜਾਵੇਗਾ। ਜੇਕਰ ਕਿਸਾਨ ਨਿਰਧਾਰਤ ਯੂਨਿਟਾਂ ਤੋਂ ਘੱਟ ਯੂਨਿਟਾਂ ਦਾ ਪ੍ਰਯੋਗ ਕਰਦਾ ਹੈ ਤਾਂ ਉਸ ਨੂੰ ਉਕਤ ਬਚੀਆਂ ਹੋਈਆਂ ਯੂਨਿਟਾਂ ਦੇ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪਾਵਰਕਾਮ ਵੱਲੋਂ ਪੈਸੇ ਦਿੱਤੇ ਜਾਣਗੇ। ਜੇਕਰ ਕਿਸੇ ਵੀ ਫੀਡਰ ਵਿਚ ਇਸ ਸਕੀਮ ਦਾ 80 ਫੀਸਦੀ ਕਿਸਾਨ ਲਾਭ ਲੈਂਦੇ ਹਨ ਤਾਂ ਉਸ ਫੀਡਰ ਨੂੰ ਹਰ ਰੋਜ਼ 8 ਘੰਟੇ ਦਿੱਤੀ ਜਾਣ ਵਾਲੀ ਬਿਜਲੀ ਦੀ ਸਪਲਾਈ ਦਾ ਸਮਾਂ ਵਧਾ ਕੇ ਉਸ ਨੂੰ 10 ਘੰਟਿਆਂ ਤੱਕ ਕਰ ਦਿੱਤਾ ਜਾਵੇਗਾ।

ਕਿਨ੍ਹਾਂ ਫੀਡਰਾਂ ਦੇ ਕਿਸਾਨਾਂ ਨੂੰ ਮਿਲੇਗਾ ਲਾਭ

ਜ਼ਿਲੇ ਦੀ ਭਗਤਾ ਭਾਈਕਾ ਸਬ-ਡਵੀਜ਼ਨ ਦੇ ਤਹਿਤ ਆਉਣ ਵਾਲੇ ਪਾਵਰ ਸਪਲਾਈ ਕਰਨ ਵਾਲੇ 12 ਫੀਡਰਾਂ ਦੇ ਕਿਸਾਨ ਇਸ ਯੋਜਨਾ ਦਾ ਲਾਭ ਲੈ ਸਕਣਗੇ। ਇਸ ’ਚ ਪਿੰਡ ਗੁਰੂਸਰ, ਦਿਆਲਪੁਰਾ ਮਿਰਜ਼ਾ, ਧੁੰਦਰਾ, ਡੇਰਾ ਨਾਗੇਵਾਲਾ, ਦੱਲੂਵਾਲਾ, ਆਰਾਮਸਰ ਸਾਹਿਬ, ਮੁੰਜਰਵਾਲਾ, ਮਾਨ ਸਿੰਘ ਵਾਲਾ, ਮਲੂਕਾ, ਕੋਠਾਗੁਰੂ, ਕੇਸਰ ਸਿੰਘ ਵਾਲਾ ਤੇ ਜਲਾਲ ਆਦਿ ਸ਼ਾਮਲ ਹਨ, ਜਿਨ੍ਹਾਂ ਵਿਚ ਕਰੀਬ 1500 ਕਿਸਾਨਾਂ ਨੂੰ ਇਸ ਦਾ ਲਾਭ ਮਿਲੇਗਾ। ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ ਕਰਮਦੀਪ ਅਰੋਡ਼ਾ, ਐੱਸ. ਡੀ. ਓ. ਗੁਰਮੇਲ ਸਿੰਘ, ਮੁੱਖ ਖੇਤੀਬਾਡ਼ੀ ਅਧਿਕਾਰੀ ਗੁਰਦਿੱਤਾ ਸਿੰਘ, ਜ਼ਮੀਨ ਰੱਖਿਆ ਵਿਭਾਗ ਦੇ ਐੱਸ. ਡੀ. ਓ. ਅਰਵਿੰਦਰ ਕਾਲਡ਼ਾ ਨੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।

ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਸਰਕਾਰ ਵੱਲੋਂ ਉਕਤ ਯੋਜਨਾ ਪਾਣੀ ਤੇ ਬਿਜਲੀ ਦੀ ਬੱਚਤ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਪਾਵਰਕਾਮ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਲਈ ਪਾਵਰਕਾਮ, ਖੇਤੀਬਾਡ਼ੀ ਵਿਭਾਗ, ਭੂ ਰੱਖਿਆ ਵਿਭਾਗ ਤੇ ਸਿਹਤ ਵਿਭਾਗ ’ਤੇ ਅਾਧਾਰਿਤ ਟੀਮਾਂ ਦਾ ਗਠਨ ਕੀਤਾ ਜਾਵੇਗਾ ਜੋ ਵੱਧ ਤੋਂ ਵੱਧ ਪਿੰਡਾਂ ਵਿਚ ਕੈਂਪ ਲਾ ਕੇ ਕਿਸਾਨਾਂ ਨੂੰ ਇਸ ਯੋਜਨਾ ਬਾਰੇ ਜਾਣੂ ਕਰਵਾਉਣਗੀਆਂ ਤਾਂ ਜੋ ਵੱਧ ਤੋਂ ਵੱਧ ਪਾਣੀ ਤੇ ਬਿਜਲੀ ਦੀ ਬੱਚਤ ਹੋ ਸਕੇ।

 

Arun chopra

This news is Content Editor Arun chopra