ਪਾਵਰਕਾਮ ਨੇ ਜਲ ਘਰ ਦਾ ਕੱਟਿਆ ਕੁਨੈਕਸ਼ਨ

11/20/2017 1:25:41 AM

ਕਾਠਗੜ੍ਹ, (ਰਾਜੇਸ਼)- 10-12 ਦਿਨਾਂ ਤੋਂ ਬਿਜਲੀ ਵਿਭਾਗ ਵੱਲੋਂ ਪਿੰਡ ਬਣਾਂ ਦੇ ਜਲ ਘਰ ਦੇ ਟਿਊਬਵੈੱਲ ਦਾ ਕੁਨੈਕਸ਼ਨ ਕੱਟਣ ਕਾਰਨ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਵੱਖ-ਵੱਖ ਮੁਹੱਲਿਆਂ ਦੇ ਵਾਸੀਆਂ ਸ਼ਾਮ ਲਾਲ, ਸੋਹਨ ਲਾਲ, ਗਰੀਬ ਦਾਸ, ਫਕੀਰ ਚੰਦ, ਭਗਤ ਰਾਮ, ਸੋਹਣ ਰਾਮ ਆਦਿ ਨੇ ਦੱਸਿਆ ਕਿ ਬਹੁਤੇ ਪਰਿਵਾਰਾਂ ਨੇ ਤਾਂ ਬਿਜਲੀ ਦੇ ਬਿੱਲ ਜਮ੍ਹਾ ਕਰਵਾਏ ਹੋਏ ਹਨ ਪਰ ਜਿਨ੍ਹਾਂ ਨੇ ਜਮ੍ਹਾ ਨਹੀਂ ਕਰਵਾਏ, ਉਨ੍ਹਾਂ ਕਰਕੇ ਵਿਭਾਗ ਨੇ ਟਿਊਬਵੈੱਲ ਦਾ ਕੁਨੈਕਸ਼ਨ ਕੱਟ ਦਿੱਤਾ ਹੈ, ਜਿਸ ਕਾਰਨ ਪਿੰਡ ਵਾਸੀ ਦੂਰ-ਦੁਰਾਡਿਓਂ ਪਾਣੀ ਲਿਆ ਕੇ ਗੁਜ਼ਾਰਾ ਕਰ ਰਹੇ ਹਨ। ਫੈਕਟਰੀਆਂ ਕਾਰਨ ਨਲਕਿਆਂ ਦਾ ਪਾਣੀ ਖਰਾਬ ਹੋ ਚੁੱਕਾ ਹੈ ਪਰ ਮਜਬੂਰੀ 'ਚ ਕਈਆਂ ਨੂੰ ਇਹੀ ਪਾਣੀ ਪੀਣਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਟੈਂਕਰਾਂ ਰਾਹੀਂ ਪਾਣੀ ਮੰਗਵਾਉਣਾ ਕਾਫੀ ਮਹਿੰਗਾ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਪੀਣ ਵਾਲੇ ਪਾਣੀ ਦੀ ਲਗਾਤਾਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੱਕਾ ਹੱਲ ਕਰੇ।
ਕੀ ਕਹਿਣੈ ਸਰਪੰਚ ਦਾ : ਇਸ ਸੰਬੰਧੀ ਪਿੰਡ ਦੇ ਸਰਪੰਚ ਦੀਵਾਨ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 280 ਕੁਨੈਕਸ਼ਨ ਇਸ ਜਲ ਘਰ ਨਾਲ ਹਨ ਪਰ ਕੁਝ ਘਰ ਸਮੇਂ ਸਿਰ ਬਿੱਲ ਜਮ੍ਹਾ ਨਹੀਂ ਕਰਵਾ ਰਹੇ, ਜਿਸ ਕਾਰਨ ਬਿਜਲੀ ਦਾ ਬਿੱਲ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਲੋਕ ਬਿੱਲ ਦੇਣ ਤਾਂ ਜੋ ਕੁਨੈਕਸ਼ਨ ਲਵਾਇਆ ਜਾ ਸਕੇ।