ਦਿਨੇ ਹੀ ਰੌਸ਼ਨੀ ਵੰਡਦੀਆਂ ਨੇ ਸਟਰੀਟ ਲਾਈਟਾਂ

06/25/2018 1:19:29 PM

ਤਪਾ ਮੰਡੀ (ਸ਼ਾਮ, ਗਰਗ) — ਇਕ ਪਾਸੇ ਪਾਵਰਕਾਮ ਵਿਭਾਗ ਪਾਵਰ ਕੱਟ ਲਾਉਣ ਦੀ ਤਿਆਰੀ 'ਚ ਰਹਿੰਦਾ ਹੈ ਤੇ ਦੂਜੇ ਪਾਸੇ ਮਾਤਾ ਦਾਤੀ ਰੋਡ ਦਾ ਦੌਰਾ ਕਰ ਕੇ ਦੇਖਿਆ ਤਾਂ ਸਿਖਰ ਦੁਪਹਿਰ 12 ਵਜੇ ਦੇ ਕਰੀਬ ਖੰਭਿਆਂ 'ਤੇ ਲੱਗੀਆਂ ਲਾਈਟਾਂ ਜਗ ਰਹੀਆਂ ਸਨ। ਕੋਲ ਖੜ੍ਹੇ ਰਾਹਗੀਰਾਂ ਨੇ ਕਿਹਾ ਕਿ ਪਾਵਰਕਾਮ ਰਾਤ ਸਮੇਂ ਵੱਡੇ-ਵੱਡੇ ਕੱਟ ਲਾ ਕੇ ਗਰੀਬ ਜਨਤਾ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੰਦਾ ਹੈ ਤੇ ਦੂਜੇ ਪਾਸੇ ਇਸ ਰੋਡ 'ਤੇ ਦੁਪਹਿਰ ਸਮੇਂ ਹੀ ਬਿਜਲੀ ਦੇ ਬਲਬ, ਜਿਨ੍ਹਾਂ ਦੀ ਲੋੜ ਨਹੀਂ ਹੈ, ਜਗ ਰਹੇ ਹਨ। ਪਾਵਰਕਾਮ ਨੂੰ ਘੱਟੋ-ਘੱਟ ਦਿਨ ਸਮੇਂ ਤਾਂ ਸਟਰੀਟ ਲਾਈਟਾਂ ਬੰਦ ਕਰਕੇ ਰੱਖਣੀਆਂ ਚਾਹੀਦੀਆਂ ਹਨ। ਜਦ ਪਾਵਰਕਾਮ ਦੇ ਉਚ- ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਲਾਈਟਾਂ ਬੰਦ ਕਰਨ ਦੀ ਜ਼ਿੰਮੇਵਾਰੀ ਨਗਰ ਕੌਂਸਲ ਤਪਾ ਦੀ ਹੈ। ਨਗਰ ਕੌਂਸਲ ਤਪਾ ਦੇ ਕਰਮਚਾਰੀ ਨੇ ਕਿਹਾ ਕਿ ਲਾਈਟਾਂ ਖਰਾਬ ਹੋਣ ਕਾਰਨ ਉਹ ਟੈਸਟਿੰਗ ਕਰ ਰਹੇ ਸਨ। ਨਗਰ ਕੌਂਸਲ ਵਲੋਂ ਦਿਨ ਚੜ੍ਹਨ ਤੋਂ ਪਹਿਲਾਂ ਸਟਰੀਟ ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ।