ਪਾਵਰਕਾਮ ਸਿਟੀ ਸਰਕਲ ਦੇ ਬਾਹਰ ਫਾਈਲਾਂ ਭਰਨ ਦੇ ਨਾਂ ''ਤੇ ਠੱਗੀ

Wednesday, Jul 26, 2017 - 04:14 AM (IST)

ਅੰਮ੍ਰਿਤਸਰ,   (ਰਮਨ)-  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜਿਥੇ ਵੀ ਸੁਵਿਧਾ ਕੇਂਦਰ ਖੁੱਲ੍ਹੇ ਹੋਏ ਹਨ, ਉਨ੍ਹਾਂ ਦੇ ਬਾਹਰ ਟੇਬਲ ਲਾ ਕੇ ਜਾਂ ਦੁਕਾਨਾਂ ਖੋਲ੍ਹ ਕੇ ਲੋਕਾਂ ਤੋਂ ਨਵੇਂ ਕੁਨੈਕਸ਼ਨ ਲੈਣ ਦੇ ਨਾਂ 'ਤੇ ਫਾਈਲਾਂ ਭਰਨ ਨੂੰ ਲੈ ਕੇ ਪੈਸੇ ਠੱਗੇ ਜਾ ਰਹੇ ਸਨ। ਸਿਟੀ ਸਰਕਲ ਹਾਲ ਗੇਟ ਵਿਚ ਐੱਸ. ਈ. ਅਮਰੀਕ ਸਿੰਘ ਦੇ ਸਾਹਮਣੇ ਇਹ ਗੱਲ ਆਈ ਕਿ ਗਰੀਬ ਲੋਕਾਂ ਤੋਂ ਫਾਈਲ ਬਣਾਉਣ ਦੇ ਨਾਂ 'ਤੇ 100-100 ਰੁਪਏ ਲਏ ਜਾ ਰਹੇ ਹਨ, ਜਿਸ ਨਾਲ ਉਨ੍ਹਾਂ ਤੁਰੰਤ ਸੁਵਿਧਾ ਕੇਂਦਰ ਦੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸਖਤੀ ਨਾਲ ਨਿਰਦੇਸ਼ ਦਿੱਤੇ ਕਿ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ, ਜੇਕਰ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਸੁਵਿਧਾ ਕੇਂਦਰ ਖੋਲ੍ਹੇ ਹਨ ਤਾਂ ਲੋਕਾਂ ਨੂੰ ਉਥੇ ਸੁਵਿਧਾਵਾਂ ਦਿੱਤੀਆਂ ਜਾਣ, ਨਾ ਕਿ ਆਪਣਾ ਕੰਮ ਬਾਹਰ ਥੋਪਿਆ ਜਾਵੇ।
ਉਨ੍ਹਾਂ ਕਿਹਾ ਕਿ ਕਿਸੇ ਵੀ ਖਪਤਕਾਰ ਤੋਂ ਬਾਹਰ ਫਾਈਲ ਬਣਵਾਉਣ ਲਈ ਨਹੀਂ ਬੋਲਿਆ ਜਾਵੇਗਾ, ਸਾਰਾ ਕੰਮ ਸੁਵਿਧਾ ਕੇਂਦਰ ਦੇ ਅੰਦਰ ਹੀ ਹੋਵੇਗਾ ਅਤੇ ਕਰਮਚਾਰੀ ਹੀ ਉਨ੍ਹਾਂ ਦੀ ਫਾਈਲ ਬਣਾਉਣਗੇ, ਜਿਸ ਦੇ ਨਾਲ ਹੁਣ ਨਵੇਂ ਮੀਟਰ ਲਵਾਉਣ ਆਏ ਲੋਕ ਅੰਦਰ ਸੁਵਿਧਾ ਕੇਂਦਰ ਤੋਂ ਹੀ ਫਾਈਲਾਂ ਬਣਵਾ ਰਹੇ ਹਨ। ਲੋਕਾਂ ਵੱਲੋਂ ਪਹਿਲਾਂ ਇਹੀ ਕਰਮਚਾਰੀ ਬਾਹਰ ਤੋਂ ਫਾਈਲ ਬਣਵਾਉਣ ਲਈ ਬੋਲਦੇ ਸਨ, ਜਿਸ ਨਾਲ ਬਾਹਰ ਲੋਕਾਂ ਨੂੰ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ ਫਾਈਲ ਭਰਨ ਲਈ ਪੈਸੇ ਲਏ ਜਾਂਦੇ ਸਨ, ਜਿਸ ਨੂੰ ਲੈ ਕੇ ਕਈ ਵਾਰ ਖਪਤਕਾਰਾਂ ਨੇ ਮੌਜੂਦਾ ਐੱਸ. ਈ. ਨੂੰ ਸ਼ਿਕਾਇਤ ਕੀਤੀ ਪਰ ਕਿਸੇ ਨੇ ਇਕ ਨਹੀਂ ਸੁਣੀ।
ਏਜੰਟਾਂ ਦੀ ਅਧਿਕਾਰੀਆਂ ਨਾਲ ਸੀ ਸੈਟਿੰਗ
ਪਾਵਰਕਾਮ ਦੇ ਸੁਵਿਧਾ ਕੇਂਦਰ ਵਿਚ ਨਵੇਂ ਮੀਟਰ ਅਪਲਾਈ ਕਰਨ ਅਤੇ ਲੋਡ ਘੱਟ-ਵੱਧ ਕਰਨ ਲਈ ਏਜੰਟ ਸਰਗਰਮ ਹਨ ਅਤੇ ਉਨ੍ਹਾਂ ਦੀ ਅਧਿਕਾਰੀਆਂ ਨਾਲ ਸੈਟਿੰਗ ਵੀ ਸੀ, ਜਿਸ ਨਾਲ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਫਾਈਲਾਂ ਅੰਦਰ ਭਰਨ ਨੂੰ ਲੈ ਕੇ ਫੈਸਲਾ ਨਹੀਂ ਲਿਆ ਪਰ ਐੱਸ. ਈ. ਅਮਰੀਕ ਸਿੰਘ ਕੋਲ ਮੁੱਦਾ ਆਉਣ ਨਾਲ ਸਾਰੇ ਏਜੰਟਾਂ ਦਾ ਕਾਰੋਬਾਰ ਬੰਦ ਹੋ ਗਿਆ ਹੈ।


Related News