ਪਾਵਰਕਾਮ ਦੀ ਲਾਪ੍ਰਵਾਹੀ ਮੁਰੰਮਤ ਦੌਰਾਨ ਛੱਡ ਦਿੱਤੀ ਬਿਜਲੀ ਸਪਲਾਈ, ਮੁਲਾਜ਼ਮ ਝੁਲਸਿਆ

07/25/2017 2:28:38 AM

ਬਠਿੰਡਾ(ਪਾਇਲ)-ਅਕਸਰ ਹੀ ਕਮੀਆਂ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਪਾਵਰਕਾਮ ਦੀ ਲਾਪ੍ਰਵਾਹੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਮੁਰੰਮਤ ਦੌਰਾਨ ਬਿਜਲੀ ਸਪਲਾਈ ਛੱਡ ਦੇਣ ਕਾਰਨ ਇਕ ਵਰਕਰ ਝੁਲਸ ਗਿਆ। ਉਕਤ ਘਟਨਾ ਤੋਂ ਇਕ ਵਾਰ ਫਿਰ ਬਿਜਲੀ ਮੁਲਾਜ਼ਮਾਂ 'ਚ ਵਿਭਾਗ ਵੱਲੋਂ ਸੁਰੱਖਿਆ ਕਿੱਟਾਂ ਮੁਹੱਈਆ ਨਾ ਕਰਵਾਉਣ ਕਾਰਨ ਰੋਸ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਅਨੁਸਾਰ ਸਵੇਰੇ ਜੋਗਾਨੰਦ ਰੋਡ 'ਤੇ ਬਿਜਲੀ ਦੀਆਂ ਤਾਰਾਂ 'ਤੇ ਡਿੱਗ ਰਹੀਆਂ ਦਰੱਖਤਾਂ ਦੀਆਂ ਟਾਹਣੀਆਂ ਨੂੰ ਹਟਾਉਣ ਲਈ ਬਿਜਲੀ ਵਰਕਰ ਗੋਬਿੰਦ ਰਾਮ (40) ਆਪਣੇ ਹੋਰ ਸਾਥੀਆਂ ਸਮੇਤ ਮੌਕੇ 'ਤੇ ਪਹੁੰਚਿਆ ਅਤੇ ਮੁਰੰਮਤ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਬਿਜਲੀ ਦੀ 1100 ਕੇ.ਵੀ. ਹਾਈਵੋਲਟੇਜ ਤਾਰਾਂ ਨਾਲ ਛੂਹ ਜਾਣ 'ਤੇ ਉਸ ਨੂੰ ਜ਼ੋਰਦਾਰ ਝਟਕਾ ਲੱਗਾ। ਹਾਦਸੇ ਵਿਚ ਉਸ ਦੇ ਹੱਥ ਤੇ ਲੱਤਾਂ ਝੁਲਸ ਗਈਆਂ ਅਤੇ ਸਿਰ 'ਤੇ ਗਹਿਰੀ ਸੱਟ ਲਗੀ। ਮੌਕੇ 'ਤੇ ਮੌਜੂਦ ਸਾਥੀਆਂ ਨੇ ਪੀੜਤ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ, ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਸਪਲਾਈ ਬੰਦ ਕਰਨ ਨੂੰ ਕਹਿ ਕੇ ਆਏ ਸਨ-ਗੋਬਿੰਦ
ਪੀੜਤ ਗੋਬਿੰਦ ਨੇ ਦੱਸਿਆ ਕਿ ਦਫਤਰ ਤੋਂ ਤੁਰਦੇ ਸਮੇਂ ਉਹ ਸੰਬੰਧਿਤ ਸਟਾਫ ਨੂੰ ਬਿਜਲੀ ਸਪਲਾਈ ਬੰਦ ਕਰਨ ਸਬੰਧੀ ਕਹਿ ਕੇ ਆਏ ਸਨ। ਪਿੰਡ 'ਚ ਪਹੁੰਚ ਕੇ ਵੀ ਉਨ੍ਹਾਂ ਨੇ ਲੋਕਾਂ ਤੋਂ ਬਿਜਲੀ ਬੰਦ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਪਰ ਕੰਮ ਕਰਦੇ ਸਮੇਂ ਅਚਾਨਕ ਬਿਜਲੀ ਸਪਲਾਈ ਆਉਣ ਕਾਰਨ ਉਸ ਨਾਲ ਹਾਦਸਾ ਹੋਇਆ। ਉਨ੍ਹਾਂ ਉਕਤ ਘਟਨਾ ਲਈ ਵਿਭਾਗ ਦੀ ਲਾਪ੍ਰਵਾਹੀ ਨੂੰ ਜ਼ਿਮੇਵਾਰ ਦੱਸਿਆ।
ਮਾਮਲੇ ਦੀ ਹੋਵੇਗੀ ਜਾਂਚ : ਐਕਸੀਅਨ 
ਸਰਕਾਰੀ ਹਸਪਤਾਲ 'ਚ ਪੀੜਤ ਦਾ ਹਾਲ ਪੁੱਛਣ ਪਹੁੰਚੇ ਸੀਨੀਅਰ ਐਕਸੀਅਨ ਸਿਟੀ ਗਗਨਦੀਪ ਬਾਂਸਲ ਨੇ ਜਦ ਘਟਨਾ ਦੇ ਸੰਬੰਧ ਵਿਚ ਪੁੱਛਿਆ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਹ ਪੂਰਾ ਰਿਕਾਰਡ ਦੇਖਣ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਨ ਜਦਕਿ ਉਨ੍ਹਾਂ ਨਾਲ ਮੌਕੇ 'ਤੇ ਮੌਜੂਦ ਜੇ. ਈ. ਨੇ ਕਿਹਾ ਕਿ ਉਨ੍ਹਾਂ ਨੂੰ ਬਿਜਲੀ ਬੰਦ ਕਰਨ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਵਰਕਰਾਂ ਕੋਲ ਲੰਬੇ ਸਮੇਂ ਤੋਂ ਨਹੀ ਸੇਫਟੀ ਕਿੱਟਾਂ
ਬਿਜਲੀ ਵਿਭਾਗ ਅਧੀਨ ਕੰਮ ਕਰਦੇ ਵਰਕਰਾਂ ਕੋਲ ਲੰਬੇ ਸਮੇਂ ਤੋਂ ਸੇਫਟੀ ਕਿੱਟਾਂ ਨਹੀਂ ਹਨ, ਜਿਸ ਕਾਰਨ ਉਹ ਅਕਸਰ ਹੀ ਮੁਰੰਮਤ ਕੰਮਾਂ ਦੌਰਾਨ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਨਿਯਮਾਂ ਅਨੁਸਾਰ ਵਰਕਰਾਂ ਕੋਲ ਸੇਫਟੀ ਬੈਲਟ ਸਮੇਤ ਹੋਰ ਸੁਰੱਖਿਆ ਯੰਤਰ ਹੋਣੇ ਜ਼ਰੂਰੀ ਹਨ ਪਰ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੇਚਕਸ ਤੇ ਪਲਾਸ ਵੀ ਆਪਣੇ ਪੈਸਿਆਂ ਤੋਂ ਖਰੀਦਣੇ ਪੈਂਦੇ ਹਨ।